ਚੰਡੀਗੜ੍ਹ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਹਾਲਤ ਹੁਣ ਸਥਿਰ ਹੈ। ਉਨ੍ਹਾਂ ਦਾ ਆਪ੍ਰੇਸ਼ਨ ਡੇਢ ਘੰਟੇ ਚੱਲਿਆ। ਪੈਰ ਵਿਚ ਗੋਲੀ ਦੇ ਕੁਝ ਟੁਕੜੇ ਫਸੇ ਹੋਏ ਸਨ, ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ। ਸ਼ੌਕਤ ਖਾਨਮ ਹਸਪਤਾਲ ਦੇ ਡਾ. ਫੈਜਲ ਸੁਲਤਾਨ ਮੁਤਾਬਕ ਗੋਲੀ ਲੱਗਣ ਨਾਲ ਉਨ੍ਹਾਂ ਦੇ ਪੈਰ ਦੀ ਹੱਡੀ ਸੱਜੇ ਪਾਸੇ ਵੱਲ ਕੱਟੀ ਗਈ ਹੈ। ਦੂਜੇ ਪਾਸੇ ਹਮਲੇ ਦੇ ਵਿਰੋਧ ਵਿਚ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਵੀਰਵਾਰ ਦੀ ਦੇਰ ਰਾਤ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਦਰਸ਼ਨਕਾਰੀ ਸੜਕਾਂ ਜਾਮ ਕਰਕੇ ਮਾਰਚ ਕਰਦੇ ਦਿਖੇ। ਕਈ ਥਾਵਾਂ ‘ਤੇ ਨਾਅਰੇਬਾਜ਼ੀ ਕੀਤੀ ਗਈ। ਪੀਟੀਆਈ ਨੇ ਅੱਜ ਪਾਕਿਸਤਾਨ ਬੰਦ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਗੁਜਰਾਂਵਾਲਾ ‘ਚ ਲੌਂਗ ਮਾਰਚ ਦੌਰਾਨ ਖਾਨ ‘ਤੇ ਹੋਏ ਹਮਲੇ ‘ਚ ਸੰਸਦ ਮੈਂਬਰ ਫੈਜ਼ਲ ਜਾਵੇਦ ਸਮੇਤ ਕੁੱਲ 13 ਲੋਕ ਜ਼ਖਮੀ ਹੋ ਗਏ ਸਨ। ਇੱਕ ਵਿਅਕਤੀ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਇਮਰਾਨ ਨੇ ਕਿਹਾ ਹੈ ਕਿ ਅੱਲ੍ਹਾ ਨੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇੰਸ਼ਾਅੱਲ੍ਹਾ ਅਸੀਂ ਦੁਬਾਰਾ ਵਾਪਸ ਆਵਾਂਗੇ ਅਤੇ ਆਪਣੀ ਲੜਾਈ ਜਾਰੀ ਰੱਖਾਂਗੇ। ਹਮਲਾਵਰ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਇਕੱਲਾ ਹੀ ਹਮਲਾ ਕਰਨ ਆਇਆ ਸੀ। ਉਹ ਇਮਰਾਨ ਨੂੰ ਜਾਨ ਤੋਂ ਮਾਰਨਾ ਚਾਹੁੰਦਾ ਸੀ ਕਿਉਂਕਿ ਖਾਨ ਦੇ ਲੌਂਗ ਮਾਰਚ ਵਿਚ ਅਜਾਨ ਦੌਰਾਨ ਵੀ ਡੈੱਕ ਵਜਦਾ ਰਹਿੰਦਾ ਸੀ। ਪੁਲਿਸ ਨੇ ਅਧਿਕਾਰਕ ਤੌਰ ‘ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।