ਲਖੀਸਰਾਏ, 20 ਨਵੰਬਰ : ਬਿਹਾਰ ਦੇ ਲਖੀਰਸਾਏ ‘ਚ ਇੱਕ ਪਰਿਵਾਰ ਤੇ ਹੋਈ ਗੋਲੀਬਾਰੀ ‘ਚ 3 ਲੋਕਾਂ ਦੀ ਮੌਤ ਅਤੇ 3 ਜਖ਼ਮੀ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰਿਕ ਮੈਂਬਰ ਛਠ ਪੂਜਾ ਕਰਨ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਆ ਰਹੇ ਸਨ ਕਿ ਉਨ੍ਹਾਂ ਦੇ ਗੋਲੀਬਾਰੀ ਹੋ ਗਈ, ਜਿਸ ਕਾਰਨ ਦੋ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਭੈਣ ਵੀ ਦਮਤੋੜ ਗਈ। ਮ੍ਰਿਤਕਾਂ ਦੀ ਪਛਾਣ ਚੰਦਨ ਕੁਮਾਰ, ਰਾਜਨੰਦਨ ਕੁਮਾਰ ਤੇ ਦੁਰਗਾ ਕੁਮਾਰੀ ਵਜੋਂ ਹੋਈ ਹੈ। ਜਖ਼ਮੀਆਂ ‘ਚ ਲਵਲੀ ਕੁਮਾਰੀ, ਪ੍ਰੀਤੀ ਕੁਮਾਰੀ ਤੇ ਸ਼ਸੀ ਭੂਸ਼ਣ ਹਨ, ਜਿੰਨ੍ਹਾਂ ਦਾ ਬੇਗੂਸਰਾਏ ਸਦਰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਨਾ ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ਤੋਂ ਕਤਲ ਵਿਚ ਵਰਤੀ ਪਿਸਤੌਲ ਬਰਾਮਦ ਕਰ ਲਈ ਹੈ। ਲੜਕੀ ਦੀ ਭਰਜਾਈ ਨੇ ਦਸਿਆ ਕਿ ਉਨ੍ਹਾਂ ਵਿਚਕਾਰ ਪਹਿਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਇਸ ਸਬੰਧੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਆਸ਼ੀਸ਼ ਚੌਧਰੀ ਉਸ ਦੀ ਨਣਦ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪ੍ਰਵਾਰ ਰਾਜ਼ੀ ਨਹੀਂ ਸੀ। ਐਸਪੀ ਪੰਕਜ ਕੁਮਾਰ ਨੇ ਦਸਿਆ ਕਿ ਪੰਜਾਬੀ ਮੁਹੱਲੇ ਵਿਚ ਛਠ ਘਾਟ ਤੋਂ ਇਕ ਹੀ ਪ੍ਰਵਾਰ ਦੇ 6 ਤੋਂ 7 ਲੋਕ ਵਾਪਸ ਆ ਰਹੇ ਹਨ। ਗੋਲੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਅਸ਼ੀਸ਼ ਚੌਧਰੀ ਪੁੱਤਰ ਦੁਰਗਾ ਚੌਧਰੀ ਵਾਸੀ ਵਾਰਡ ਨੰਬਰ 15 ਪੰਜਾਬੀ ਮੁਹੱਲਾ ਵਜੋਂ ਹੋਈ ਹੈ। ਜੋ ਪੀੜਤ ਪ੍ਰਵਾਰ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ। 6 ਲੋਕਾਂ ਨੂੰ ਗੋਲੀ ਲੱਗੀ ਹੈ। ਦਸਿਆ ਜਾ ਰਿਹਾ ਹੈ ਕਿ 10 ਦਿਨ ਪਹਿਲਾਂ ਵੀ ਪ੍ਰਵਾਰਾਂ ਦਾ ਝਗੜਾ ਹੋਇਆ ਸੀ। ਫਿਲਹਾਲ ਪੁਲਿਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।