ਅਰਿਆਲੁਰ, 09 ਅਕਤੂਬਰ : ਤਾਮਿਲਨਾਡੂ ਵਿੱਚ ਸੋਮਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ 9 ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨਗਦ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ਇਹ ਘਟਨਾ ਅਰਿਆਲੂਰ ਜ਼ਿਲ੍ਹੇ ਦੇ ਪਿੰਡ ਵਿਰਾਗਲੂਰ ਵਿੱਚ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਵਾਪਰੀ, ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸੀਐਮ ਸਟਾਲਿਨ ਨੇ ਕਿਹਾ ਕਿ ਪੰਜ ਜ਼ਖ਼ਮੀਆਂ ਨੂੰ ਤੰਜਾਵੁਰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਡਾਕਟਰੀ ਦੇਖਭਾਲ ਦਿੱਤੀ ਜਾ ਰਹੀ ਹੈ। ਸੀਐੱਮ ਸਟਾਲਿਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕੈਬਨਿਟ ਮੰਤਰੀਆਂ ਐਸਐਸ ਸ਼ਿਵਸ਼ੰਕਰ ਅਤੇ ਸੀਵੀ ਗਣੇਸ਼ਨ ਨੂੰ ਬਚਾਅ ਅਤੇ ਰਾਹਤ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਤਾਇਨਾਤ ਕੀਤਾ ਹੈ। ਮੁੱਖ ਮੰਤਰੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 3-3 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 1 ਲੱਖ ਰੁਪਏ ਅਤੇ ਦਰਮਿਆਨੀ ਸੱਟਾਂ ਵਾਲੇ ਲੋਕਾਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।