ਦਿੱਲੀ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਕਾਰਵਾਈ, 1.35 ਕਰੋੜ ਦੀ ਵਿਦੇਸ਼ੀ ਕਰੰਸੀ ਸਮੇਤ ਵਿਅਕਤੀ ਗ੍ਰਿਫਤਾਰ

ਨਵੀਂ ਦਿੱਲੀ, 20 ਜਨਵਰੀ 2025 : ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਇੱਕ 26 ਸਾਲਾ ਭਾਰਤੀ ਯਾਤਰੀ 'ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ। ਵਿਅਕਤੀ ਨੇ ਸ਼ਨੀਵਾਰ ਨੂੰ ਟਰਮੀਨਲ-2 IGI ਹਵਾਈ ਅੱਡੇ ਤੋਂ ਫਲਾਈਟ ਨੰਬਰ 6E-2768 ਰਾਹੀਂ ਹੈਦਰਾਬਾਦ ਅਤੇ ਫਿਰ ਉਸੇ ਦਿਨ ਫਲਾਈਟ ਨੰਬਰ 6E-1495 ਰਾਹੀਂ ਰਾਸ ਅਲ ਖੈਮਾਹ ਜਾਣ ਦੀ ਯੋਜਨਾ ਬਣਾਈ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਯਾਤਰੀ ਨੂੰ ਰੋਕ ਕੇ ਉਸ ਦੇ ਸਾਮਾਨ ਦੀ ਜਾਂਚ ਕਰਨ ਤੋਂ ਬਾਅਦ ਬੜੀ ਚਲਾਕੀ ਨਾਲ ਕਾਲੇ ਰੰਗ ਦੇ ਟਰਾਲੀ ਬੈਗ 'ਚ ਛੁਪੀ ਹੋਈ ਵਿਦੇਸ਼ੀ ਕਰੰਸੀ ਬਰਾਮਦ ਕੀਤੀ। ਬਰਾਮਦ ਕਰੰਸੀ ਵਿੱਚ ਅਮਰੀਕੀ ਡਾਲਰ 20,000, 5,25,000 ਸਾਊਦੀ ਰਿਆਲ ਅਤੇ 1,000 ਕਤਾਰੀ ਰਿਆਲ ਮਿਲੇ ਹਨ। ਇਹ ਕਰੰਸੀ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤੀ ਗਈ ਸੀ। ਯਾਤਰੀ ਨੂੰ ਕਸਟਮ ਐਕਟ, 1962 ਦੀ ਧਾਰਾ 104 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।