ਨਵੀਂ ਦਿੱਲੀ, 05 ਅਕਤੂਬਰ : ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਰਾਵਣ ਦੱਸਿਆ ਹੈ। ਭਾਜਪਾ ਦੇ ਟਵਿੱਟਰ ਹੈਂਡਲ ਤੋਂ ਇੱਕ ਪੋਸਟਰ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਰਾਹੁਲ ਗਾਂਧੀ ਨੂੰ ਆਧੁਨਿਕ ਯੁੱਗ ਦਾ ਰਾਵਣ ਦੱਸਿਆ ਗਿਆ ਹੈ। ਭਾਜਪਾ ਵੱਲੋਂ ਜਾਰੀ ਕੀਤੇ ਗਏ ਨਵੇਂ ਪੋਸਟਰ ਵਿੱਚ ਰਾਹੁਲ ਗਾਂਧੀ ਨੂੰ ਰਾਵਣ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਜਿਸ ਦੇ 7 ਸਿਰ ਹਨ। ਇਸ ਪੋਸਟਰ ਦੇ ਉਪਰਲੇ ਹਿੱਸੇ ਵਿੱਚ ਵੱਡੇ ਅੱਖਰਾਂ ਵਿੱਚ ਲਿਖਿਆ ਹੈ-Bharat Khatre Mein Hai (ਭਾਰਤ ਖਤਰੇ ਵਿੱਚ ਹੈ) ਪੋਸਟਰ ਦੇ ਹੇਠਾਂ ਰਾਹੁਲ ਗਾਂਧੀ ਦੀ ਸੱਤ ਸਿਰਾਂ ਵਾਲੀ ਤਸਵੀਰ ਦੇ ਹੇਠਾਂ ਵੱਡੇ ਅੱਖਰਾਂ ਵਿੱਚ ਰਾਵਣ ਲਿਖਿਆ ਹੋਇਆ ਹੈ। ਇਸਦੇ ਹੇਠਾਂ A Congress Party Production ਅਤੇ Directed by George Soros ਵੀ ਲਿਖਿਆ ਗਿਆ ਹੈ। ਦੱਸ ਦੇਈਏ ਕਿ ਭਾਜਪਾ ਨੇ ਦੋਸ਼ ਲਾਇਆ ਸੀ ਕਿ ਜਾਰਜ ਸੋਰੋਸ ਦੇ ਲੋਕਾਂ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਭਾਜਪਾ ਆਗੂਆਂ ਨੇ ‘ਓਪਨ ਸੋਸਾਇਟੀ ਫਾਊਂਡੇਸ਼ਨ’ ਨਾਂ ਦੀ ਇੱਕ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ.) ਦਾ ਨਾਂ ਲਿਆ ਹੈ। ਭਾਜਪਾ ਨੇਤਾਵਾਂ ਦਾ ਦਾਅਵਾ ਹੈ ਕਿ ਇਸ ਐਨਜੀਓ ਨੂੰ ਅਮਰੀਕੀ ਅਰਬਪਤੀ ਜਾਰਜ ਸੋਰੋਸ ਦੁਆਰਾ ਫੰਡ ਦਿੱਤਾ ਜਾਂਦਾ ਹੈ ਅਤੇ ਇਸ ਦੇ ਉਪ ਪ੍ਰਧਾਨ ਸਲਿਲ ਸ਼ੈਟੀ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਵਿਚ ਹਿੱਸਾ ਲਿਆ ਸੀ। ਬੀਜੇਪੀ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਇਹ ਪੋਸਟਰ ਕੁਝ ਹੀ ਦੇਰ ਵਿੱਚ ਵਾਇਰਲ ਹੋ ਗਿਆ ਹੈ। ਭਾਜਪਾ ਨੇ ਇਹ ਪੋਸਟਰ ਅੱਜ ਯਾਨੀ ਵੀਰਵਾਰ, 5 ਅਕਤੂਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਸਾਂਝਾ ਕੀਤਾ ਸੀ। ਸਿਰਫ਼ ਅੱਧੇ ਘੰਟੇ ਵਿੱਚ ਇਸ ਪੋਸਟਰ ਨੂੰ 1000 ਤੋਂ ਵੱਧ ਵਾਰ ਰੀ-ਸ਼ੇਅਰ ਕੀਤਾ ਗਿਆ ਅਤੇ ਇਸ ਪੋਸਟਰ ਨੂੰ 55 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਕੁਝ ਯੂਜ਼ਰਸ ਨੇ ਭਾਜਪਾ ਦੀ ਇਸ ਪ੍ਰਤੀਕਿਰਿਆ ਨੂੰ ਇਤਰਾਜ਼ਯੋਗ ਦੱਸਿਆ ਹੈ ਜਦਕਿ ਭਾਜਪਾ ਦੇ ਸਮਰਥਨ ‘ਚ ਖੜ੍ਹੇ ਯੂਜ਼ਰਸ ਇਸ ਤਿੱਖੇ ਹਮਲੇ ਨੂੰ ਬਹੁਤ ਹੀ ਹਮਲਾਵਰ ਅਤੇ ਸਹੀ ਕਰਾਰ ਦੇ ਰਹੇ ਹਨ।