ਮਨਾਲੀ, 23 ਜੁਲਾਈ : ਹਿਮਾਚਲ ਦੇ ਮਨਾਲੀ ਤੋਂ ਵਾਪਸ ਪਰਤ ਰਹੇ ਦਿੱਲੀ ਦੇ ਸੈਲਾਨੀਆਂ ਦੀ ਗੱਡੀ ਮਨਾਲੀ – ਚੰਡੀਗੜ੍ਹ ਰਾਸ਼ਟਰੀ ਮਾਰਗ ਤੇ ਧਾਰਕਾਂਸ਼ੀ ਵਿਖੇ 500 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ, ਜਿਸ ਕਾਰਨ ਇਸ ਹਾਦਸੇ ‘ਚ ਤਿੰਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ ਨੂੰ ਸਵੇਰੇ 4:30 ਵਜੇ ਦੇ ਕਰੀਬ ਵਾਪਰਿਆ, ਪਰ ਹਨੇਰਾ ਹੋਣ ਕਰਕੇ ਕੁੱਝ ਪਤਾ ਨਹੀਂ ਸੀ ਲੱਗਾ, ਪਰ ਦਿਨ ਚੜਨ ਤੋਂ ਬਾਅਦ ਲੋਕਾਂ ਨੇ ਸੜਕ ਕਿਨਾਰੇ ਵਾਹਨ ਦੇ ਨਿਸ਼ਾਨ ਦੇਖੇ ਤਾਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਜਦੋਂ ਪੁਲਿਸ ਮੁਲਾਜਮਾਂ ਨੇ ਘਟਨਾਂ ਵਾਲੀ ਥਾਂ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਤਾਂ ਕਾਰ ਸੜਕ ਤੋਂ ਥੱਲੇ ਦਰੱਖਤਾਂ ਵਿੱਚ ਫਸੀ ਹੋਈ ਦਿਖਾਈ ਦਿੱਤੀ ਅਤੇ ਮੌਕੇ ਤੋਂ ਇੱਕ ਲੜਕੀ ਅਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਸਚਿਨ ਸਿੰਘ (26) ਪੁੱਤਰ ਜੈਕਰਨ ਸਿੰਘ ਵਾਸੀ ਓਮਨਗਰ ਬਦਰਪੁਰ ਦੱਖਣੀ ਦਿੱਲੀ, ਪਿੰਟੂ (26) ਪੁੱਤਰ ਰਵੀ ਨਾਇਕ ਵਾਸੀ ਓਮੰਗਰ ਬਦਰਪੁਰ ਨਵੀਂ ਦਿੱਲੀ ਅਤੇ ਖ਼ੁਸ਼ੀ ਗੁਪਤਾ (20) ਪੁੱਤਰੀ ਭਾਗੀਰਥ ਗੁਪਤਾ ਵਜੋਂ ਹੋਈ ਹੈ। ਸਵਾਰਘਾਟ ਥਾਣੇ ਦੇ ਇੰਚਾਰਜ ਰਾਜੇਸ਼ ਵਰਮਾ ਨੇ ਦਸਿਆ ਕਿ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਜਾਪਦਾ ਹੈ।