- ਇਸ ਭਿਆਨਕ ਸਥਿਤੀ" ਨੂੰ ਹੱਲ ਕਰਨ ਲਈ ਸਰਗਰਮ ਬਚਾਅ, ਖੋਜ ਅਤੇ ਰਾਹਤ ਕਾਰਜ ਇਸ ਸਮੇਂ ਜਾਰੀ ਹਨ : ਮੁੱਖ ਮੰਤਰੀ ਸੁੱਖੂ
ਸੋਲਨ, 14 ਅਗਸਤ : ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ 50 ਲੋਕਾਂ ਦੀ ਮੌਤ ਹੋ ਗਈ ਹੈ। ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਮੰਡੀ ਜ਼ਿਲ੍ਹੇ ਵਿੱਚ ਪਿਛਲੇ 3 ਦਿਨਾਂ ਤੋਂ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਸੋਲਨ ਜ਼ਿਲ੍ਹੇ ਵਿੱਚ ਸੱਤ ਮੌਤਾਂ ਹੋਈਆਂ ਹਨ। ਸੂਬੇ 'ਚ ਤਬਾਹੀ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਸ਼ਿਮਲਾ 'ਚ ਜ਼ਮੀਨ ਖਿਸਕਣ ਕਾਰਨ ਇਕ ਮੰਦਰ ਢਹਿ ਗਿਆ। ਮੰਦਰ 'ਚ ਘੱਟੋ-ਘੱਟ 25-30 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੌਨਸੂਨ ਅਗਲੇ 24 ਘੰਟਿਆਂ ਤੱਕ ਸਰਗਰਮ ਰਹੇਗਾ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਨਦੀਆਂ, ਨਾਲਿਆਂ ਅਤੇ ਟੋਇਆਂ ਵਿੱਚ ਪਾਣੀ ਭਰਿਆ ਰਹੇਗਾ। ਚੰਡੀਗੜ੍ਹ-ਸ਼ਿਮਲਾ ਚਾਰ ਮਾਰਗੀ ਚੱਕੀ ਮੋਡ ’ਤੇ ਵਾਹਨਾਂ ਲਈ ਜਾਮ ਲੱਗਾ ਹੋਇਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੰਡੀ ਜ਼ਿਲ੍ਹੇ ਦੇ ਪਿੰਡ ਸੰਬਲ ਤੋਂ ਇੱਕ ਵੀਡੀਓ ਕਲਿੱਪ ਸਾਂਝੀ ਕਰਦਿਆਂ ਕਿਹਾ, "ਇਸ ਭਿਆਨਕ ਸਥਿਤੀ" ਨੂੰ ਹੱਲ ਕਰਨ ਲਈ ਸਰਗਰਮ ਬਚਾਅ, ਖੋਜ ਅਤੇ ਰਾਹਤ ਕਾਰਜ ਇਸ ਸਮੇਂ ਜਾਰੀ ਹਨ। ਪਹਾੜੀ ਰਾਜ ਵਿੱਚ ਲਗਾਤਾਰ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ਵਿੱਚ ਪਿਛਲੇ ਦੋ ਦਿਨਾਂ ਵਿੱਚ ਹੜ੍ਹਾਂ ਦੌਰਾਨ "ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 50 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। 20 ਤੋਂ ਵੱਧ ਲੋਕ ਅਜੇ ਵੀ ਫਸੇ ਹੋਏ ਹਨ, ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਸਕਦੀ ਹੈ। ਖੋਜ ਅਤੇ ਬਚਾਅ ਕਾਰਜ ਜਾਰੀ ਹੈ। ਅਸੀਂ ਇਸ ਮੌਕੇ ਕੋਈ ਵੀ ਸੱਭਿਆਚਾਰਕ ਪ੍ਰੋਗਰਾਮ ਨਾ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਇਕ ਹੋਰ ਟਵੀਟ ਕਰਦਿਆਂ ਉਨ੍ਹਾਂ ਦਸਿਆ ਕਿ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਸ਼ ਨਾਲ ਹਿਮਾਚਲ ਪ੍ਰਦੇਸ਼ 'ਚ ਇਕ ਵਾਰ ਫਿਰ ਹਾਦਸਾ ਵਾਪਰਿਆ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਕੀਮਤੀ ਜਾਨਾਂ ਅਤੇ ਸੰਪਤੀ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਖੇਤਰਾਂ ਤੋਂ ਦੂਰ ਰਿਹਾ ਜਾਵੇ। ਧਰਮਪੁਰ ਦੀ ਤਾਨਿਆਹਦ ਪੰਚਾਇਤ ਦੇ ਨਲਿਆਣਾ 'ਚ ਸੀਵਰੇਜ ਦਾ ਪਾਣੀ ਘਰ 'ਚ ਦਾਖਲ ਹੋਣ ਕਾਰਨ ਤਿੰਨ ਲੋਕਾਂ ਦੇ ਦੱਬੇ ਜਾਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਨਾਹਨ ਦੇ ਕੰਡੇਵਾਲਾ 'ਚ ਐਤਵਾਰ ਦੇਰ ਸ਼ਾਮ ਬੱਦਲ ਫਟਣ ਕਾਰਨ 50 ਘਰ ਮਲਬੇ ਨਾਲ ਭਰ ਗਏ। ਰਾਜ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਹੈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਜਾਮ ਹੋ ਗਈਆਂ ਹਨ। ਆਈਐਮਡੀ ਅਨੁਸਾਰ, ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਐਤਵਾਰ ਸ਼ਾਮ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਢਿੱਗਾਂ ਡਿੱਗਣ ਕਾਰਨ ਮੁੱਖ ਮਾਰਗ ਸਮੇਤ ਕਈ ਲਿੰਕ ਸੜਕਾਂ ਬੰਦ ਹੋ ਗਈਆਂ ਹਨ। ਸੜਕ ਬੰਦ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਵੀ ਠੱਪ ਹੋ ਕੇ ਰਹਿ ਗਈ ਹੈ। ਜ਼ਮੀਨ ਖਿਸਕਣ ਕਾਰਨ ਨੂਰਪੁਰ ਲਹਿਦੂ ਰੋਡ ਬੰਦ ਹੈ। ਇਸ ਤੋਂ ਇਲਾਵਾ ਲਹਡੂ ਸਿਹੁੰਟਾ ਮਾਰਗ, ਲਹਡੂ ਚੂਵੜੀ ਮਾਰਗ, ਚੂਵੜੀ ਜੋਤ ਮਾਰਗ, ਲਹਦੂ ਤੁਨੁਹੱਟੀ ਕਾਕੀਰਾ, ਕਟੋਰੀ ਬੰਗਾਲ ਦੁਨੇਰਾ ਮਾਰਗ ਬੰਦ ਰਹੇ। ਚੰਬਾ-ਸਿਲਾਘਾਤ ਸੜਕ ਬੰਦ। ਜਿਸ ਕਾਰਨ ਕਈ ਥਾਵਾਂ 'ਤੇ ਵਾਹਨ ਵੀ ਸੜਕ 'ਤੇ ਫਸੇ ਹੋਏ ਹਨ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਜਾਦੋਂ ਪਿੰਡ ਵਿਚ ਬੱਦਲ ਫਟਣ ਕਾਰਨ ਇਕ ਹੀ ਪ੍ਰਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਐਤਵਾਰ ਰਾਤ ਨੂੰ ਬੱਦਲ ਫਟਣ ਕਾਰਨ ਦੋ ਘਰ ਵਹਿ ਗਏ ਅਤੇ ਹਾਦਸੇ 'ਚ 6 ਲੋਕਾਂ ਨੂੰ ਬਚਾ ਲਿਆ ਗਿਆ। ਸੋਲਨ ਦੇ ਐਸ.ਪੀ. ਗੌਰਵ ਸਿੰਘ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਹਰਨਾਮ (38), ਕਮਲ ਕਿਸ਼ੋਰ (35), ਹੇਮਲਤਾ (34), ਰਾਹੁਲ (14), ਨੇਹਾ (12), ਗੋਲੂ (8) ਅਤੇ ਰਕਸ਼ਾ (12) ਵਜੋਂ ਹੋਈ ਹੈ। ਸੂਬੇ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਸੋਮਵਾਰ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿਤੇ ਗਏ ਹਨ।