ਸਿਮਲਾ, 17 ਅਗਸਤ : ਹਿਮਾਚਲ ‘ਚ ਪਿਛਲੇ 2 ਮਹੀਨਿਆਂ ‘ਚ ਹੋਈ ਭਾਰੀ ਬਾਰਿਸ ਤੇ ਲੈਂਡਸਲਾਈਡ ਕਾਰਨ ਹੁਣ ਤੱਕ 327 ਮੌਤਾਂ ਤੇ 318 ਦੇ ਜਖ਼ਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਹਿਮਾਚਲ ਵਿੱਚ ਹੁਣ ਤੱਕ 113 ਲੈਂਡਸਲਾਈਡ ਅਤੇ 58 ਹੜ੍ਹ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਬੀਤੇ ਕੱਲ੍ਹ ਆਈ ਕੁਦਰਤੀ ਆਫਤ ਤੋਂ ਬਚੇ ਪੀੜਤਾਂ ਨੇ ਦੱਸਿਆ ਕਿ ਘਰ ਦਾ ਸਾਰਾ ਸਮਾਨ ਪਾਣੀ ਵਿੱਚ ਭਿੱਜ ਗਿਆ, ਜਿਸ ਕਾਰਨ ਉਨ੍ਹਾਂ ਨੂੰ ਦਰੱਖਤਾਂ ਤੇ ਲੱਗੇ ਫਲ ਖਾ ਕੇ ਗੁਜ਼ਾਰਾ ਕਰਨਾ ਪਿਆ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਜਾ ਸਕਿਆ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਹੁਣ ਤੱਕ 1 ਹਜ਼ਾਰ 731 ਲੋਕਾਂ ਨੂੰ ਬਚਾਇਆ ਹੈ। ਪ੍ਰਸ਼ਾਸਨ ਨੇ ਹੈਲੀਕਾਪਟਰ ਰਾਹੀਂ 739 ਲੋਕਾਂ ਨੂੰ ਰੈਸਕਿਊ ਕੀਤਾ। ਕਿਸ਼ਤੀ ਰਾਹੀਂ 780 ਲੋਕਾਂ ਨੂੰ ਬਚਾਇਆ ਗਿਆ ਹੈ। ਜਦਕਿ 212 ਲੋਕਾਂ ਨੂੰ ਟਰੈਕਟਰ ਅਤੇ ਟਰਾਲੀ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇੰਦੌਰਾ ਦੇ ਮੰਡ ਤੋਂ 1 ਹਜ਼ਾਰ 344 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇੱਥੇ 564 ਲੋਕਾਂ ਨੂੰ ਏਅਰਲਿਫਟ ਕੀਤਾ ਗਿਆ, ਜਦਕਿ 780 ਲੋਕਾਂ ਨੂੰ ਕਿਸ਼ਤੀ ‘ਚੋਂ ਬਾਹਰ ਕੱਢਿਆ ਗਿਆ। ਇਸੇ ਤਰ੍ਹਾਂ ਫਤਿਹਪੁਰ ‘ਚ 387 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪ੍ਰਸ਼ਾਸਨ ਨੇ 175 ਲੋਕਾਂ ਨੂੰ ਹੈਲੀਕਾਪਟਰ ਰਾਹੀਂ, 212 ਲੋਕਾਂ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਿਆ। ਦੱਸ ਦੇਈਏ ਕਿ ਹਵਾਈ ਸੈਨਾ ਦੇ ਦੋ ਮਿਗ-17 ਹੈਲੀਕਾਪਟਰ ਲਗਾਤਾਰ ਇਸ ਬਚਾਅ ਕਾਰਜ ‘ਚ ਲੱਗੇ ਹੋਏ ਹਨ। 60 ਫੌਜ ਅਤੇ 180 NDRF ਦੇ ਜਵਾਨ ਬਚਾਅ ਕਾਰਜ ‘ਚ ਦਿਨ-ਰਾਤ ਕੰਮ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਕੁਦਰਤੀ ਆਫ਼ਤ ਪੀੜਤਾਂ ਲਈ ਪੰਜ ਰਾਹਤ ਕੈਂਪ ਬਣਾਏ ਹਨ। ਇਕ ਰਾਹਤ ਕੈਂਪ ਨੂਰਪੁਰ, ਫਤਿਹਪੁਰ ਅਤੇ ਦੋ ਇੰਦੌਰਾ ਵਿਖੇ ਸਥਾਪਿਤ ਕੀਤੇ ਗਏ ਹਨ। ਨੂਰਪੁਰ ਦੇ ਲਾਡਰੋੜੀ, ਫਤਿਹਪੁਰ ਦੇ ਫਤਿਹਪੁਰ ਖਾਸ ਅਤੇ ਬਡੂੰਖਰ, ਜਦਕਿ ਇੰਦੌਰਾ ਦੇ ਸ਼ੇਖਪੁਰਾ ਅਤੇ ਰਾਮ ਗੋਪਾਲ ਮੰਦਰ ‘ਚ ਲੋਕ ਬੇਘਰ ਹੋ ਗਏ ਹਨ। ਅੱਜ ਵੀ ਕਾਂਗੜਾ ਵਿੱਚ ਕਾਲੇ ਬੱਦਲ ਛਾਏ ਹੋਏ ਸਨ, ਪਰ ਇਸ ਨੂੰ ਦੇਖਦਿਆਂ ਪ੍ਰਸ਼ਾਸ਼ਨ ਵੱਲੋਂ ਆਪਣੇ ਵੱਲੋਂ ਬਚਾਅ ਕਾਰਜ ਦੀਆਂ ਤਿਆਰੀ ਪੂਰੀ ਕੀਤੀ ਹੋਈ ਸੀ, ਪ੍ਰਸ਼ਾਸ਼ਨ ਵੱਲੋਂ ਪੀੜਤ ਲੋਕਾਂ ਤੱਕ ਰਾਸ਼ਨ ਕਿੱਟਾਂ ਪਹੁੰਚਾਉਣ ਲਈ ਹੈਲੀਕਾਪਟਰ ਤਿਆਰ ਕੀਤੇ ਗਏ ਹਨ।