ਨਵੀਂ ਦਿੱਲੀ, 20 ਦਸੰਬਰ : ਨਵੀਂ ਦਿੱਲੀ। ਸੰਸਦ ਦੀ ਸੁਰੱਖਿਆ 'ਚ ਢਿੱਲ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਜਾਰੀ ਹੈ। ਸਰਦ ਰੁੱਤ ਇਜਲਾਸ 'ਚ ਹੋਏ ਭਾਰੀ ਹੰਗਾਮੇ ਕਾਰਨ ਵਿਰੋਧੀ ਸੰਸਦ ਮੈਂਬਰਾਂ ਖਿਲਾਫ ਹੁਣ ਤੱਕ ਹੋਈ ਕਾਰਵਾਈ ਨੇ ਸੁਰਖੀਆਂ ਬਟੋਰੀਆਂ ਹਨ ਪਰ ਹਾਲ ਹੀ 'ਚ ਵਾਪਰੇ ਮਿਮਿਕਰੀ ਮਾਮਲੇ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਹੁਣ ਪਹਿਲੀ ਵਾਰ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਇਸ ਮਾਮਲੇ 'ਚ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਦੱਸ ਦੇਈਏ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰ ਉਨ੍ਹਾਂ ਦੀ ਮੁਅੱਤਲੀ ਤੋਂ ਬਾਅਦ ਕੇਂਦਰ ਦੇ ਖਿਲਾਫ ਧਰਨੇ 'ਤੇ ਬੈਠੇ ਸਨ, ਉਸੇ ਸਮੇਂ ਤ੍ਰਿਣਮੂਲ ਸੰਸਦ ਕਲਿਆਣ ਬੈਨਰਜੀ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਵੀਡੀਓ ਦਿਖਾਈ ਸੀ। ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਕਾਂਗਰਸੀ ਸੰਸਦ ਨੇ ਕਿਹਾ ਕਿਸਨੇ ਕੀਤਾ ਅਪਮਾਨ? ਤੁਸੀਂ ਇਹ ਕਿਵੇਂ ਕੀਤਾ? ਸੰਸਦ ਮੈਂਬਰ ਉੱਥੇ (ਧਰਨੇ ਵਾਲੀ ਥਾਂ) ਬੈਠੇ ਸਨ, ਮੈਂ ਉਨ੍ਹਾਂ ਦੀ ਵੀਡੀਓ ਬਣਾਈ। ਮੇਰੀ ਵੀਡੀਓ ਮੇਰੇ ਫੋਨ ਵਿੱਚ ਹੈ। ਮੀਡੀਆ ਦਿਖਾ ਰਿਹਾ ਹੈ, ਮੀਡੀਆ ਕਹਿ ਰਿਹਾ ਹੈ, ਪ੍ਰਧਾਨ ਮੰਤਰੀ ਮੋਦੀ ਕਹਿ ਰਿਹੇ ਹਨ... ਕਿਸੇ ਨੇ ਕੁਝ ਨਹੀਂ ਕਿਹਾ। ਉਨ੍ਹਾਂ ਨੇ ਕਿਹਾ, ਉੱਥੇ ਸਾਡੇ 150 ਸੰਸਦ ਮੈਂਬਰਾਂ ਨੂੰ ਸੰਸਦ 'ਚੋਂ ਚੁੱਕ ਕੇ ਬਾਹਰ ਸੁੱਟ ਦਿੱਤੇ ਗਏ। ਰਾਫੇਲ, ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ ਕੋਈ ਚਰਚਾ ਨਹੀਂ ਹੋਈ। ਸਾਡੇ ਸੰਸਦ ਮੈਂਬਰ ਬੈਠੇ ਹਨ, ਉਦਾਸ ਹਨ, ਤੁਸੀਂ ਉਨ੍ਹਾਂ ਦੀ ਚਰਚਾ ਕਰ ਰਹੇ ਹੋ। ਉਨ੍ਹਾਂ ਨਾਰਾਜ਼ਗੀ ਪ੍ਰਗਟ ਕਰਦਿਆਂ ਇਹ ਵੀ ਕਿਹਾ, ‘‘ਸਾਡੇ ਕਰੀਬ 150 ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਕੱਢ ਦਿਤਾ ਗਿਆ, ਇਸ ’ਤੇ ਕੋਈ ਚਰਚਾ ਨਹੀਂ ਹੋਈ। ਅਡਾਨੀ ਜੀ ’ਤੇ ਕੋਈ ਚਰਚਾ ਨਹੀਂ ਹੋ ਰਹੀ, ਰਾਫੇਲ ’ਤੇ ਫਰਾਂਸ ਨੇ ਕਿਹਾ ਹੈ ਕਿ ਜਾਂਚ ਦੀ ਇਜਾਜ਼ਤ ਨਹੀਂ ਮਿਲ ਰਹੀ, ਇਸ ’ਤੇ ਕੋਈ ਚਰਚਾ ਨਹੀਂ ਹੋ ਰਹੀ। ਬੇਰੁਜ਼ਗਾਰੀ ’ਤੇ ਕੋਈ ਚਰਚਾ ਨਹੀਂ ਹੋ ਰਹੀ। ਸਾਡੇ ਸੰਸਦ ਮੈਂਬਰ ਦੁਖੀ ਹਨ, ਉਹ ਉੱਥੇ ਬੈਠੇ ਹਨ, ਤੁਸੀਂ ਇਸ ਬਾਰੇ ਚਰਚਾ ਕਰ ਰਹੇ ਹੋ।’’ ਇਸ ਦੌਰਾਨ ਅੱਜ ਵਿਰੋਧੀ ਧਿਰ ਦੇ ਦੋ ਹੋਰ ਮੈਂਬਰਾਂ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿਤਾ ਗਿਆ। ਸਦਨ ਦੀ ਹੱਤਕ ਲਈ ਹੁਣ ਤਕ ਕੁੱਲ 97 ਲੋਕ ਸਭਾ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ। ਬੁੱਧਵਾਰ ਨੂੰ ਦੋ ਹੋਰ ਲੋਕ ਸਭਾ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਲੋਕ ਸਭਾ ਸੰਸਦ ਮੈਂਬਰਾਂ ਸੀ ਥਾਮਸ ਤੇ ਏਐਮ ਆਰਿਫ ਨੂੰ 'ਪਲੈਕਸ ਪ੍ਰਦਰਸ਼ਿਤ ਕਰਨ' ਅਤੇ ਸਦਨ ਦੇ ਵੇਲ 'ਚ ਦਾਖਲ ਹੋਣ ਕਾਰਨ ਸਰਦ ਰੁੱਤ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਹੁਣ ਤੱਕ ਰਾਜ ਸਭਾ ਅਤੇ ਲੋਕ ਸਭਾ ਦੇ ਕੁੱਲ 143 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।