ਰੂਸੀ ਫੌਜ ਲਈ ਲੜਦੇ ਹੋਏ ਮਾਰੇ ਗਏ 12 ਭਾਰਤੀ ਨਾਗਰਿਕ, 16 ਅਜੇ ਵੀ ਲਾਪਤਾ

ਨਵੀਂ ਦਿੱਲੀ, 18 ਜਨਵਰੀ 2025 : ਰੂਸ-ਯੂਕਰੇਨ ਯੁੱਧ ਵਿਚ ਰੂਸੀ ਫੌਜ ਵਿਚ ਸੇਵਾ ਕਰ ਰਹੇ 12 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦਕਿ 16 ਅਜੇ ਵੀ ਲਾਪਤਾ ਹਨ। ਭਾਰਤ ਸਰਕਾਰ ਨੇ ਇਨ੍ਹਾਂ ਨਾਗਰਿਕਾਂ ਦੀ ਸੁਰੱਖਿਆ ਅਤੇ ਵਾਪਸੀ ਲਈ ਰੂਸ ਤੋਂ ਮੰਗ ਕੀਤੀ ਹੈ। ਇਸ ਦੌਰਾਨ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ  ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਰੂਸ ਦੀ ਫ਼ੌਜ ਵਿਚ ਭਰਤੀ ਕੀਤੇ ਗਏ ਕੁੱਲ 126 ਭਾਰਤੀਆਂ ਦੀ ਜਾਣਕਾਰੀ ਸਾਨੂੰ ਮਿਲੀ ਸੀ, ਜਿਸ ਦੀ ਸੂਚਨਾ ਰੂਸ ਨਾਲ ਸਾਂਝੀ ਕੀਤੀ ਗਈ ਸੀ। ਇਸ ਵਿਚੋਂ 96 ਭਾਰਤੀ ਵਾਪਸ ਪਰਤ ਆਏ ਹਨ ਜਦਕਿ 12 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਬਾਕੀ ਬਚੇ 18 ਵਿਚੋਂ 16 ਲਾਪਤਾ ਹੋਣ ਦੀ ਸੂਚਨਾ ਰੂਸ ਨੇ ਦਿੱਤੀ ਹੈ। ਰੂਸੀ ਅਧਿਕਾਰੀਆਂ ਕੋਲ ਇਨ੍ਹਾਂ ਬਾਰੇ ਕੋਈ ਸੂਚਨਾ ਨਹੀਂ ਹੈ। ਦੋਵਾਂ ਦੇਸ਼ਾਂ ਵਿਚਾਲੇ ਇਨ੍ਹਾਂ ਦਾ ਪਤਾ ਲਾਉਣ ਨੂੰ ਲੈ ਕੇ ਸਹਿਯੋਗ ਕੀਤਾ ਜਾ ਰਿਹਾ ਹੈ। ਇਹ ਸੂਚਨਾ ਉਦੋਂ ਆਈ ਹੈ ਜਦੋਂ ਪਿਛਲੇ ਹਫ਼ਤੇ ਹੀ ਰੂਸ-ਯੂਕ੍ਰੇਨ ਜੰਗ ਵਿਚ ਕੇਰਲ ਦੇ ਇਕ ਨੌਜਵਾਨ ਦੀ ਮੌਤ ਅਤੇ ਇਕ ਹੋਰ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਭਾਰਤ ਨੇ ਉਸ ਨੌਜਵਾਨ ਦੀ ਹੱਤਿਆ ਤੋਂ ਬਾਅਦ ਇਸ ਮੁੱਦੇ ਨੂੰ ਰੂਸ ਦੇ ਅਧਿਕਾਰੀਆਂ ਦੇ ਸਾਹਮਣੇ ਕਾਫੀ ਸਖ਼ਤੀ ਨਾਲ ਚੁੱਕਿਆ ਹੈ। ਪੀਐੱਮ ਨਰਿੰਦਰ ਮੋਦੀ ਨੇ ਪਿਛਲੇ ਸਾਲ ਆਪਣੀ ਮਾਸਕੋ ਯਾਤਰਾ ਦੌਰਾਨ ਰੂਸ ਦੇ ਰਾਸ਼ਟਰਪੀਤ ਵਲਾਦੀਮੀਰ ਪੁਤਿਨ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ ਸੀ। ਉਦੋਂ ਰੂਸ ਨੇ ਕਿਹਾ ਸੀ ਕਿ ਉਸ ਦੀ ਫ਼ੌਜ ਵਿਚ ਜਿੰਨੇ ਵੀ ਭਾਰਤੀ ਹਨ ਸਾਰਿਆਂ ਨੂੰ ਵਾਪਸ ਭੇਜਿਆ ਜਾਵੇਗਾ। ਹਾਲਾਂਕਿ ਉਸ ਤੋਂ ਬਾਅਦ ਵੀ ਚਾਰ ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਆ ਗਈ ਹੈ। ਯੂਕ੍ਰੇਨ ਨਾਲ ਜੰਗ ਤੋਂ ਬਾਅਦ ਰੂਸ ਨੇ ਨਾ ਸਿਰਫ਼ ਭਾਰਤ ਬਲਕਿ ਕਈ ਦੇਸ਼ਾਂ ਤੋਂ ਲੋਕਾਂ ਨੂੰ ਭਰਤੀ ਕੀਤਾ ਹੈ। ਰੂਸ ਤੋਂ ਵਤਨ ਪਰਤੇ ਭਾਰਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਠੇਕੇ ’ਤੇ ਕੰਮ ਕਰਨ ਲਈ ਬੁਲਾਇਆ ਗਿਆ ਸੀ। ਇਹ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਯੂਕ੍ਰੇਨ ਨਾਲ ਚੱਲ ਰਹੀ ਜੰਗ ਵਿਚ ਇਸਤੇਮਾਲ ਕੀਤਾ ਜਾਵੇਗਾ। ਕਈ ਭਾਰਤੀਆਂ ਨੇ ਜਦੋਂ ਆਪਣੇ ਘਰ ਵਾਲਿਆਂ ਨੂੰ ਵੀਡੀਓ ਕਾਲ ਕਰ ਕੇ ਮਦਦ ਮੰਗੀ ਤਾਂ ਇਸ ਗੱਲ ਦਾ ਪਤਾ ਲੱਗਾ ਕਿ ਇਕ ਪੂਰਾ ਗੈਂਗ ਹੈ ਜੋ ਭਾਰਤੀਆਂ ਨੂੰ ਗ਼ਲਤ ਸੂਚਨਾ ਦੇ ਕੇ ਭਰਤੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਰੂਸ ਦੀ ਫ਼ੌਜ ਵਿਚ ਭੇਜ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਉਦੋਂ ਕਿਹਾ ਸੀ ਕਿ ਜਿਹੜੇ ਵੀ ਏਜੰਟ ਭਾਰਤੀਆਂ ਨੂੰ ਭਰਤੀ ਕਰ ਕੇ ਉਨ੍ਹਾਂ ਨੂੰ ਰੂਸ ਦੀ ਫ਼ੌਜ ਵਿਚ ਲੜਨ ਲਈ ਭੇਜ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।