ਫਾਜ਼ਿਲਕਾ, 21 ਜੂਨ : ਸਹਾਇਕ ਸਿਵਲ ਸਰਜਨ ਡਾ ਬਬੀਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਜਿਲ੍ਹੇ ਵਿੱਚ ਬਲਾਕ ਅਧੀਨ ਆਉਂਦੇ ਸਿਹਤ ਕੇਂਦਰਾਂ ਵਿਖੇ ਯੋਗ ਕੈਂਪ ਆਯੋਜਿਤ ਕੀਤੇ ਗਏ। ਡਾ. ਬਬੀਤਾ ਨੇ ਦੱਸਿਆ ਕਿ ਯੋਗਾ ਕਰਨ ਨਾਲ ਜਿਥੇ ਸਰੀਰਕ ਸ਼ਕਤੀ ਮਿਲਦੀ ਹੈ ਉਸਦੇ ਨਾਲ-ਨਾਲ ਅੰਦਰੂਨੀ ਤਾਕਤ ਵੀ ਪੈਦਾ ਹੁੰਦੀ ਹੈ ਅਤੇ ਅੱਜ ਦੇ ਪਦਾਰਥਵਾਦ ਯੁੱਗ ਵਿਚ ਯੋਗਾ ਸੰਜੀਵਨੀ ਬੂਟੀ ਦੀ ਭੂਮਿਕਾ ਨਿਭਾ ਰਿਹਾ ਹੈ। ਉਨਾਂ ਕਿਹਾ ਕਿ ਯੋਗ ਆਸਨ ਰਾਹੀ ਜਿੱਥੇ ਆਮ ਇਨਸਾਨ ਵੱਖ-ਵੱਖ ਬੀਮਾਰੀਆਂ ਤੋਂ ਨਿਜਾਤ ਪਾ ਸਕਦਾ ਹੈ ਉੱਥੇ ਬੁੱਧੀ ਵਧਾਉਣ ਅਤੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਰੱਖਣ ਵਿਚ ਯੋਗਾ ਆਸਨ ਇਕ ਸੋਨੇ ਤੇ ਸੁਹਾਗੇ ਵਰਗੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਥੋੜਾ ਸਮਾਂ ਕੱਢ ਕੇ ਸਰੀਰਕ ਪੱਖੋਂ ਤੰਦਰੁਸਤ ਅਤੇ ਚੁਸਤ ਰਹਿਣ ਲਈ ਯੋਗਾ ਨਾਲ ਜੁੜਣਾ ਚਾਹੀਦਾ ਹੈ। ਇਸ ਮੌਕੇ ਵੱਖ-ਵੱਖ ਸਿਹਤ ਕੇਂਦਰਾਂ ਤੇ ਆਯੋਜਿਤ ਕੀਤੇ ਕੈੰਪ ਦੌਰਾਨ ਸਿਹਤ ਕਰਮੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰੀਰਕ ਤੰਦਰੁਸਤੀ ਲਈ ਸਾਨੂੰ ਰੋਜਾਨਾ ਘੱਟੋ ਘੱਟ ਇੱਕ ਘੰਟਾ ਕਸਰਤ ਜਰੂਰ ਕਰਨੀ ਚਾਹੀਦੀ ਹੈ। ਇਸ ਨਾਲ ਜਿਥੇ ਸਰੀਰ ਤੰਦਰੁਸਤ ਰਹਿੰਦਾ ਹੈ ਉਸਦੇ ਨਾਲ-ਨਾਲ ਮਾਨਸਿਕ ਤਨਾਅ ਤੋਂ ਵੀ ਮੁਕਤੀ ਮਿਲਦੀ ਹੈ। ਉਹਨਾਂ ਕਿਹਾ ਕਿ ਦਿਮਾਗ ਦੀ ਸੰਤੁਸ਼ਟੀ ਸਾਡੇ ਸਰੀਰ ਦੀ ਤੰਦਰੁਸਤੀ ਉੱਪਰ ਨਿਰਭਰ ਕਰਦੀ ਹੈ। ਯੋਗ ਨਾਲ ਸਾਡੀਆਂ ਕਮਜ਼ੋਰ ਹੋ ਚੁੱਕੀਆਂ ਮਾਸਪੇਸ਼ੀਆਂ ਵੀ ਮਜਬੂਤ ਹੁੰਦੀਆਂ ਹਨ। ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਲੋਕਾਂ ਦੀ ਸਿਹਤ ਸੰਭਾਲ ਅਤੇ ਵਾਤਾਵਰਣ ਦੀ ਸੰਭਾਲ ਲਈ ਠੋਸ ਉਪਰਾਲੇ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਨੇ ਹਾਜ਼ਰ ਲੋਕਾਂ ਨੂੰ ਯੋਗਾ ਦੇ ਵੱਖ ਵੱਖ ਆਸਣ ਕਰਵਾਏ ਅਤੇ ਲੋਕਾਂ ਨੂੰ ਯੋਗਾ ਦੇ ਲਾਭਾਂ ਬਾਰੇ ਵਿਸਥਾਰ ਵਿਚ ਦੱਸਿਆ। ਉਹਨਾਂ ਨੇ ਕਿਹਾ ਕਿ ਅੱਜ ਦੇ ਤਣਾਅ ਭਰੀ ਜ਼ਿੰਦਗੀ ਵਿਚ ਯੋਗਾ ਬਹੁਤ ਲਾਹੇਵੰਦ ਹੈ ਅਤੇ ਰੋਜਾਨਾ ਯੋਗਾ ਕਰਨਾ ਚਾਹੀਦਾ ਹੈ। ਯੋਗ ਦੇ ਅਭਿਆਸ ਦਿਲ ਅਤੇ ਸਰੀਰ ਦੇ ਸਾਰੇ ਅੰਗਾਂ ਨੂੰ ਸੁਖੀ, ਸਿਹਤਮੰਦ, ਨਿਰੋਗ ਅਤੇ ਖੁਸ਼ਹਾਲ ਰੱਖਦੇ ਹਨ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜ੍ਹਣ ਦੀ ਸ਼ਕਤੀ ਵੱਧ ਜਾਦੀ ਹੈ। ਸਾਡੇ ਮੱਹਤਵਪੂਰਨ ਅੰਦਰੂਨੀ ਅੰਗ ਜਿਵੇਂ ਦਿਲ ਅਤੇ ਫੇਫੜੇ ਵੀ ਸਿਹਤਮੰਦ ਰਹਿੰਦੇ ਹਨ ਇਸ ਲਈ ਅੱਜ ਸਾਨੂੰ ਸਭ ਨੂੰ ਅਪਣੇ ਜੀਵਨ ਵਿੱਚ ਯੋਗ ਨੂੰ ਅਪਨਾਉਣ ਦਾ ਸੰਕਲਪ ਕਰ ਲੈਣਾ ਚਾਹੀਦਾ ਹੈ। ਸੈਂਟਰਾਂ ਵਿਖੇ ਸੀ ਐੱਚ ਓ ਨੇ ਲੋਕਾ ਨੂੰ ਯੋਗ ਕਰਨ ਦੇ ਤਰੀਕੇ ਅਤੇ ਕਸਰਤ ਬਾਰੇ ਦੱਸਿਆ ਤਾਂ ਕਿ ਸ਼ਰੀਰਕ ਤੌਰ ਤੇ ਫਿਟ ਰਿਹਾ ਜਾ ਸਕੇ।