ਬਠਿੰਡਾ, 25 ਮਾਰਚ : ਬਠਿੰਡਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿਚ ਬਾਰਸ਼ ਅਤੇ ਹੋਈ ਗੜ੍ਹੇਮਾਰੀ ਦੇ ਚੱਲਦਿਆਂ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਵੱਖ-ਵੱਖ ਇਲਾਕਿਆਂ ਤੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਬਾਰਸ਼ ਦਾ ਪਾਣੀ ਕਣਕ ਦੀ ਫਸਲ ਹੇਠਾਂ ਚਲਾ ਗਿਆ ਜੋ ਪੂਰੀ ਤਰ੍ਹਾਂ ਮਾਰੂ ਸਿੱਧ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਕਰਜ਼ੇ ਅਤੇ ਹੋਰ ਵੱਖ ਵੱਖ ਲਾਪਤਾ ਦੀ ਮਾਰ ਝੱਲ ਰਹੇ ਹਨ ਪਰ ਅੱਜ ਬਾਰਸ਼ ਤੇ ਗੜੇਮਾਰੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭੁੰਜੇ ਲਾਹ ਦਿੱਤਾ ਹੈ। ਬਠਿੰਡਾ ਪੱਟੀ ਦੇ ਕਿਸੇ ਵੀ ਪਿੰਡ ਵਿੱਚ ਕਣਕ ਦੇ ਪੂਰੀ ਤਰਾਂ ਸੁਰੱਖਿਅਤ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਕਾਰਨ ਝਾੜ ਘਟਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਸ ਮਸਲੇ ਨੂੰ ਲੈ ਕੇ ਮੀਟਿੰਗ ਸੱਦ ਲਈ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਤੁਰੰਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਨਾ ਦਿੱਤਾ ਉਹ ਸੰਘਰਸ਼ ਦੇ ਰਾਹ ਪੈਣ ਲਈ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਗੜ੍ਹੇਮਾਰੀ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਸੰਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਬਰਬਾਦ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਣਕ ਤੇ ਸਰੋਂ ਦੀ ਫ਼ਸਲ ਦੇ ਹੋਏ ਭਿਆਨਕ ਨੁਕਸਾਨ ਦੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾਂ ਨੇ ਦੱਸਿਆ ਕਿ ਕੱਲ੍ਹ ਦਿਨ ਤੇ ਰਾਤ ਦੌਰਾਨ ਸੰਗਤ ਬਲਾਕ ਦੇ ਪਿੰਡ ਕਾਲਝਰਾਣੀ, ਬੰਬੀਹਾ, ਚੱਕ ਅਤਰ ਸਿੰਘ ਵਾਲਾ, ਬਾਜਕ ਵਿੱਚ ਗੜ੍ਹੇਮਾਰੀ ਨਾਲ ਸਰੋਂ ਦੀਆਂ ਫਲੀਆਂ ਝੜ ਗਈਆਂ ਹਨ ਤੇ, ਕਣਕਾਂ ਦੀਆਂ ਵੱਲੀਆਂ ਦਾ ਭਾਰੀ ਨੁਕਸਾਨ ਹੋਇਆ ਹੈ, ਕਣਕ ਦੇ ਝਾੜ ਦਾ 50% ਨੁਕਸਾਨ ਹੋ ਗਿਆ ਹੈ। ਵੱਖ ਵੱਖ ਪਿੰਡਾਂ ਵਿੱਚ ਵੀ ਪਾਣੀ ਖੇਤਾਂ ਵਿੱਚ ਖੜ੍ਹਨ ਨਾਲ ਫ਼ਸਲ ਦਾ ਭਾਰੀ ਨੁਕਸਾਨ ਹੈ। ਮੀਂਹ ਇੰਨਾ ਭਾਰੀ ਸੀ ਕਿ ਖੇਤਾਂ ਵਿੱਚ ਹੁਣ ਤੱਕ ਵੀ ਲਗਾਤਾਰ ਪਾਣੀ ਖੜ੍ਹਾ ਹੈ, ਜਿਸ ਕਾਰਨ ਥੋੜ੍ਹੀ-ਮੋਟੀ ਬਚੀ ਫਸਲ ਗਲ੍ਹਣ ਦਾ ਖ਼ਦਸਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਕਦੇ ਕਿਸਾਨਾਂ ਦੀਆਂ ਫ਼ਸਲਾਂ ਗੈਰ-ਮਿਆਰੀ ਬੀਜ਼ਾਂ ਨਾਲ ਨੁਕਸਾਨੀਆਂ ਜਾਂਦੀਆਂ ਹਨ ਤੇ ਕਦੇ ਘਟੀਆ ਨਦੀਨਨਾਸ਼ਕਾਂ ਨਾਲ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ,ਅਤੇ ਕਦੇ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹਨਾਂ ਅਲਾਮਤਾਂ ਕਾਰਨ ਕਿਸਾਨ ਲਗਾਤਾਰ ਕਰਜ਼ਈ ਹੋ ਰਿਹਾ ਅਤੇ ਖੁਦਕੁਸ਼ੀਆਂ ਦੇ ਰਾਹ ਤੁਰ ਰਿਹਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ, ਅਤੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਜੇਕਰ ਸਰਕਾਰ ਨੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸ਼ੰਘਰਸ ਤੇਜ਼ ਕੀਤਾ ਜਾਵੇਗਾ।