- ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ
ਮਾਨਸਾ, 11 ਅਕਤੂਬਰ : ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ’ਤੇ ਐਸ.ਡੀ.ਐਮ ਬੁਢਲਾਡਾ ਸ੍ਰੀ ਪਰਮੋਦ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਲਾਕ ਅਫਸਰ ਬੁਢਲਾਡਾ ਹਰਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਬਲਾਕ ਬੁਢਲ਼ਾਡਾ ਸਾਰੇ ਪਿੰਡਾ ਵਿੱਚ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਇਸੇ ਲੜੀ ਤਹਿਤ ਪਿੰਡ ਅਕਬਰਪੁਰ ਖੁਡਾਲ ਵਿਖੇ ਗੁਰਵੀਰ ਸਿੰਘ ਏ.ਡੀ.ੳ ਅਤੇ ਜਗਨਨਾਥ ਏ.ਐਸ.ਆਈ, ਪਿੰਡ ਕਿਸ਼ਨਗੜ ਵਿਖੇ ਸਿਕੰਦਰ ਸਿੰਘ, ਏ.ਡੀ.ੳ ਅਤੇ ਅਵਤਾਰ ਸਿੰਘ ਏ.ਐਸ.ਆਈ ਵੱਲੋ ਕਿਸਾਨ ਸਿਖਲਾਈ ਕੈਂਪ ਲਗਾਏ ਗਏ ਜਿੱਥੇ ਕਿਸਾਨਾ ਨੇ ਵੱਡੀ ਗਿਣਤੀ ਵਿੱਚ ਹਾਜਰੀ ਲਗਵਾਈ। ਕਿਸਾਨਾ ਦੁਆਰਾ ਫਸਲਾਂ ਸਬੰਧੀ ਅਤੇ ਪਰਾਲੀ ਪ੍ਰਬੰਧਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਰਾਲੀ ਪ੍ਰਬੰਧਨ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਣੂ ਕਰਵਾਉਂਦਿਆਂ ਕਿਸਾਨਾ ਨੂੰ ਅਪੀਲ ਕੀਤੀ ਕਿ ਆਪਣੇ ਖੇਤਾਂ ਵਿੱਚ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਜਿਵੇ ਕਿ ਪੀ.ਆਰ 126 ਅਤੇ ਬਾਸਮਤੀ ਆਦਿ ਦਾ ਖੇਤ ਵਿੱਚ ਹੈਪੀ ਸੀਡਰ, ਸੁਪਰ ਸੀਡਰ, ਸਮਰਾਟ ਸੀਡਰ, ਮਲਚਰ ਜਾਂ ਸਰਫੇਸ ਸੀਡਰ ਨਾਲ ਪਰਾਲੀ ਦਾ ਸੁਚੱਜਾ ਹੱਲ ਕਰਨ ਦੀ ਸਲਾਹ ਦਿੱਤੀ ਗਈ ਅਤੇ ਲੰਬਾ ਸਮਾ ਲੈਣ ਵਾਲੀਆ ਕਿਸਮਾ ਲਈ ਬੇਲਰ ਵਰਤ ਕੇ ਪਰਾਲੀ ਨੂੰ ਖੇਤ ਵਿੱਚੋ ਬਾਹਰ ਕੱਢ ਕੇ ਜੀਰੋ ਡਰਿੱਲ ਨਾਲ ਵੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਿਸਾਨਾ ਨੂੰ ਦੱਸਿਆ ਗਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤੇ ਸਾਹ ਰੋਗ ਬਿਮਾਰੀਆ ਵਿੱਚ ਵਾਧਾ ਹੁੰਦਾ ਹੈ,ਉੱਥੇ ਹੀ ਮਿੱਟੀ ਦੇ ਜਰੂਰੀ ਤੱਤ ਖਤਮ ਹੋ ਜਾਂਦੇ ਹਨ ਜੋ ਤੱਤ ਅਗਲੀ ਫਸਲ ਦੀ ਬਿਜਾਈ ਸਮੇ ਵਰਤੋ ਵਿੱਚ ਆਉਣੇ ਹੁੰਦੇ ਹਨ। ਇਸ ਮੌਕੇ ਫੀਲਡ ਸੁਪਰਵਾਈਜ਼ਰ ਕਿਸਾਨ ਮਿੱਤਰ ਅਤੇ ਹੋਰ ਮੋਹਤਬਰ ਕਿਸਾਨ ਹਾਜਰ ਸਨ। ਇਸ ਤੋ ਪਹਿਲਾ ਪਿੰਡ ਬਰ੍ਹੇ, ਬੋਹਾ, ਸੈਦੇਵਾਲਾ, ਗੁੜੱਦੀ, ਰੱਲੀ, ਕੁਲਾਣਾ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਕੈਪ ਲਗਾਏ ਗਏ।