- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਕਰਵਾਇਆ ਗਿਆ ਸਿੱਖੋ ਤੇ ਵਧੋ ਪ੍ਰੋਗਰਾਮ
ਫਾਜ਼ਿਲਕਾ, 27 ਜੁਲਾਈ : ਵਿਦਿਆਰਥੀਆਂ ਨੂੰ ਸ਼ੁਰੂਆਤੀ ਦੌਰ ਤੇ ਹੀ ਭਵਿੱਖ ਪ੍ਰਤੀ ਸੁਚੇਤ ਕਰਨ ਲਈ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਵਿਖੇ ਉਲੀਕੇ ਗਏ ਸਿੱਖੋ ਤੇ ਵਧੋ ਪ੍ਰੋਗਰਾਮ ਨੂੰ ਸਕੂਲਾਂ ਅੰਦਰ ਬਾਖੂਬੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਪ੍ਰੇਰਣਾਦਾਇਕ ਸਪੀਕਰ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਲਸ਼ਨ ਮਹਿਰੋਕ ਵੱਲੋਂ ਪਹੁੰਚ ਕੇ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਚੰਗੇ ਭਵਿੱਖ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ। ਸ੍ਰੀ ਗੁਲਸ਼ਨ ਮਹਿਰੋਕ ਨੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜਿੰਦਗੀ ਪੜ੍ਹਾਵਾਂ ਭਰੀ ਹੈ, ਜ਼ਿੰਦਗੀ ਦਾ ਇਹ ਪੜ੍ਹਾਅ ਬਹੁਤ ਹੀ ਕੀਮਤੀ ਹੈ। ਇਸ ਪੜਾਅ ਵਿਚ ਕੀਤੀ ਗਈ ਮਿਹਨਤ ਸਾਡੇ ਭਵਿੱਖ ਦਾ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਇਸ ਸਮੇਂ ਅਥਾਹ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੀਤੀ ਮਿਹਨਤ ਸਾਨੂੰ ਸਮਾਜ ਵਿਚ ਇਕ ਨਵੀ ਪਹਿਚਾਣ ਦੇਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਸੀਂ ਕਿਸ ਖੇਤਰ ਵਿਚ ਜਾਣਾ ਹੈ ਉਸ ਲਈ ਮਿਹਨਤ ਅੱਜ ਤੋਂ ਕਰਨੀ ਪਵੇਗੀ ਚਾਹੇ ਉਹ ਆਈ.ਏ. ਐਸ., ਜੁਡੀਸ਼ੀਅਲ, ਪੁਲਿਸ, ਮੈਡੀਕਲ, ਅਧਿਆਪਕ ਜਾਂ ਹੋਰ ਕੋਈ ਵੀ ਕਿਤੇ ਨਾਲ ਸਬੰਧਤ ਹੋਵੇ ਮਿਹਨਤ ਤੇ ਲਗਨ ਸਭ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਦੇ ਇਸ ਯੁੱਗ ਵਿੱਚ ਸਾਨੂੰ ਸਮੇਂ ਦੇ ਹਿਸਾਬ ਨਾਲ ਵਧੇਰੇ ਗਿਆਨਵਾਨ ਹੋਣਾ ਪਵੇਗਾ। ਇਸ ਤੋਂ ਇਲਾਵਾ ਚੰਗਾ ਇਨਸਾਨ ਬਣਨ ਲਈ ਮਾੜੀ ਸੰਗਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਮਾਤਾ-ਪਿਤਾ ਦੇ ਦੱਸੇ ਅਨੁਸਾਰ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਦਾ ਵੀ ਸਾਡੀ ਜ਼ਿੰਦਗੀ ਵਿਚ ਅਹਿਮ ਰੋਲ ਹੈ, ਜੇਕਰ ਅਸੀਂ ਇਸ ਦੀ ਸਹੀ ਵਰਤੋਂ ਕਰਾਂਗੇ ਤਾਂ ਅਸੀਂ ਇਸ ਤੋਂ ਅਥਾਹ ਗਿਆਨ ਹਾਸਲ ਕਰ ਸਕਦੇ ਹਾਂ। ਇਸ ਮੌਕੇ ਜ਼ਿਲ੍ਹਾ ਮੇਨੇਜਰ ਸ. ਗਗਨਦੀਪ ਸਿੰਘ ਨੇ ਸਿੱਖੋ ਤੇ ਵੱਧੋ ਪ੍ਰੋਗਰਾਮ ਦੀ ਸ਼ੁਰੂਆਤ ਤੇ ਅਹਿਮੀਅਤ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰੀ ਚੰਦ ਕੰਬੋਜ਼, ਵਾਈਸ ਪ੍ਰਿੰਸੀਪਲ ਗੁਰਨਾਮ ਚੰਦ, ਕੰਪਿਊਟਰ ਅਧਿਆਪਕ ਵਿਵੇਕ ਕਟਾਰੀਆ, ਲੈਕਚਰਾਰ ਪ੍ਰਵੀਨ ਕੁਮਾਰ, ਸੁਨੈਣਾ ਰਾਣੀ, ਰਾਜਬਾਲਾ, ਰਾਜਪ੍ਰੀਤ ਸਿੰਘ, ਪਰਮਜੀਤ ਸਿੰਘ ਆਦਿ ਮੌਜੂਦ ਸਨ।