ਬਠਿੰਡਾ, 23 ਮਾਰਚ : ਤਾਂਤਰਿਕ ਵੱਲੋਂ ਮਾਸੂਮ ਬੱਚਿਆਂ ਦੀ ਬਲੀ ਦੇਣ ਦੇ ਦੋਸ਼ ਵਿੱਚ ਬਠਿੰਡਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਦੋ ਔਰਤਾਂ ਸਣੇ ਤਾਂਤਰਿਕ ਅਤੇ ਉਸ ਦੇ ਛੇ ਸਾਥੀਆਂ ਨੂੰ ਉਮਰ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲੇ 6 ਵਿਅਕਤੀਆਂ ਵਿੱਚ ਬੱਚਿਆਂ ਦੀ ਦਾਦੀ, ਭੂਆ, ਮਾਪੇ ਤੇ ਹੋਰ ਪਰਿਵਾਰ ਵਾਲੇ ਸ਼ਾਮਲ ਹਨ। ਵੀਰਵਾਰ ਨੂੰ ਇਸ ਮਾਮਲੇ ਵਿੱਚ ਏਡੀਜੇ ਬਲਜਿੰਦਰ ਸਿੰਘ ਦੀ ਕੋਰਟ ਨੇ ਤਾਂਤ੍ਰਿਕ ਲਖਵਿੰਦਰ ਉਰਫ ਲਖੀ, ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ, ਮਾਂ ਰਣਧੀਰ ਸਿੰਘ ਉਰਫ ਰੋਜ਼ੀ, ਚਾਚਾ ਜਸਪ੍ਰੀਤ ਸਿੰਘ, ਭੂਆ ਰਮਨਦੀਪ ਕੌਰ ਉਰਫ ਅਮਨਦੀਪ ਕੌਰ ਤੇ ਗਗਨਦੀਪ ਕੌਰ ਉਰਫ ਗਗਨ ਨੂੰ ਸਜ਼ਾ ਸੁਣਾਈ। ਮਾਸੂਮ ਬੱਚਿਆਂ ਦਾ ਕੇਸ ਲੜ ਰਹੇ ਵਕੀਲ ਨੇ ਕਿਹਾ ਕਿ ਅਸੀਂ ਇਸ ਉਮਰ ਕੈਦ ਦੀ ਸਜ਼ਾ ਨੂੰ ਹਾਈ ਕੋਰਟ ਵਿੱਚ ਅੱਗੇ ਚੁਣੌਤੀ ਦੇਵਾਂਗੇ ਅਤੇ ਮੰਗ ਕਰਾਂਗੇ ਕਿ ਸਾਰਿਆਂ ਨੂੰ ਫਾਂਸੀ ਦਿੱਤੀ ਜਾਵੇ। ਬਹੁਚਰਚਿਤ ਬਲੀਕਾਂਡ ਦੀ ਸੁਣਵਾਈ ਨੂੰ ਲੈ ਕੇ ਦੁਪਹਿਰ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਕੋਰਟ ‘ਚ ਪਹੁੰਚੀ ਸੀ। ਕੋਰਟ ਕਰਮਚਾਰੀ ਤੇ ਵਕੀਲ ਵੀ ਮੌਜੂਦ ਰਹੇ। ਸਜ਼ਾ ਪਾਉਣ ਵਾਲੇ ਪਰਿਵਾਰ ਦੇ 6 ਮੈਂਬਰ ਸਨ, ਜਿਨ੍ਹਾਂ ਵਿੱਚ ਚਾਰ ਔਰਤਾਂ ਤੇ ਤਿੰਨ ਮਰਦ ਹਨ। ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਲਖੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਤੋਂ ਹੱਥ ਜੋੜ ਕੇ ਰਹਿਮ ਦੀ ਭੀਖ ਮੰਗਣ ਲੱਗਾ। ਪਿੰਡ ਕੋਟ ਫੱਤਾ ਦੀ ਸੰਘਰਸ਼ ਕਮੇਟੀ ਵੱਲੋਂ ਪਿਛਲੇ 6 ਸਾਲਾਂ ਤੋਂ ਮਾਸੂਮ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਕੇਸ ਲੜਿਆ ਜਾ ਰਿਹਾ ਹੈ।