- ਵੋਟਾਂ ਦਾ ਮੁੱਲ ਨਾ ਵੱਟਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ
ਲੁਧਿਆਣਾ, 23 ਮਾਰਚ : ਅੰਗਰੇਜ਼ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਭਾਰਤ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸੋਚ 'ਤੇ ਸਿਆਸੀ ਪਾਰਟੀਆਂ ਅਤੇ ਦੇਸ਼ ਦੇ ਲੋਕ ਪਹਿਰਾ ਦੇਣ ਜਿਨਾਂ ਦੀ ਆਜ਼ਾਦੀ ਲਈ ਉਹਨਾਂ ਫਾਂਸੀਆਂ ਦੇ ਰੱਸੇ ਚੁੰਮੇ। ਇਹ ਸ਼ਬਦ ਅੱਜ ਇੱਕ ਬਿਆਨ ਰਾਹੀਂ ਦੇਸ਼ ਭਗਤੀ ਯਾਦਗਾਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਅੰਤਰਰਾਸ਼ਟਰੀ ਸਰਪ੍ਰਸਤ ਗੁਰਮੀਤ ਸਿੰਘ ਗਿੱਲ, ਪੰਜਾਬ ਦੇ ਸਰਪ੍ਰਸਤ ਕਰਨੈਲ ਸਿੰਘ ਗਿੱਲ, ਹਰਿਆਣਾ ਦੇ ਸਰਪ੍ਰਸਤ ਉਮਰਾਓ ਸਿੰਘ, ਅਸ਼ਵਨੀ ਬਾਵਾ ਆਸਟ੍ਰੇਲੀਆ, ਕਿਰਨਦੀਪ ਸਿੰਘ ਸਿੱਧੂ ਕੈਨੇਡਾ, ਉੱਘੇ ਟਰਾਂਸਪੋਰਟਰ ਗੁਰਨਾਮ ਸਿੰਘ, ਰੇਸ਼ਮ ਸਿੰਘ ਸੱਗੂ ਨੇ ਕਹੇ। ਉਹਨਾਂ ਕਿਹਾ ਕਿ 2024 ਦੀਆਂ ਚੋਣਾਂ ਹਰ ਭਾਰਤੀ ਲਈ ਪਰਖ ਦੀ ਘੜੀ ਹੈ। ਦੇਖਣਾ ਹੈ ਕਿ ਅਸੀਂ ਮਹਾਨ ਸ਼ਹੀਦਾਂ ਦੇ ਡੁੱਲੇ ਖੂਨ ਦਾ ਕਿੰਨਾ ਸਤਿਕਾਰ ਕਰਦੇ ਹਾਂ। ਕੀ ਉਸ ਦਾ ਮੁੱਲ ਦਾਰੂ ਦੀ ਬੋਤਲ, ਨਸ਼ੇ ਅਤੇ ਨੋਟਾਂ ਨਾਲ ਪਾਉਂਦੇ ਹਾਂ ਜਾਂ ਉਮੀਦਵਾਰ ਦੀ ਸੋਚ, ਸੱਚਾਈ, ਸਪਸ਼ਟਤਾ ਦੇ ਆਧਾਰ 'ਤੇ ਵੋਟ ਪਾਉਂਦੇ ਹਾਂ। ਲੋੜ ਹੈ ਨੌਜਵਾਨ, ਯੂਥ ਕਲੱਬਾਂ ਨਸ਼ਿਆਂ ਦੇ ਵਿਉਪਾਰੀਆਂ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਵੜਨ ਨਾ ਦੇਣ। ਇਹੀ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।