- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਰੀੜ ਦੀ ਹੱਡੀ ਹੈ : ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਨੰਦਪੁਰ ਸਾਹਿਬ, 8 ਮਾਰਚ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਗੌਰਵਮਈ ਦਿਹਾੜਾ ਅੱਜ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਨਿਰੰਤਰ ਗੁਰਮਤਿ ਸਮਾਗਮ ਤਹਿਤ ਵੱਖ-ਵੱਖ ਪ੍ਰਸਿੱਧ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਕੇ ਢਾਡੀ ਕਵੀਸ਼ਰ ਜਥਿਆਂ ਦੇ ਸਿੱਖ ਇਤਿਹਾਸ ਦੀ ਸਾਂਝ ਪਾਈ। ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਖ਼ਾਲਸੇ ਦੀ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈ। ਖ਼ਾਲਸਾ ਪੰਥ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਵੀ ਨਤਮਸਤਕ ਹੋਈਆਂ, ਜਿਨ੍ਹਾਂ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਹੋਲੇ ਮਹੱਲੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪਰੰਪਰਾਗਤ ਖ਼ਾਲਸਾਈ ਖੇਡਾਂ ਦੇ ਜੌਹਰ ਵੀ ਦਿਖਾਏ ਗਏ, ਜੋ ਸੰਗਤ ਲਈ ਖਿੱਚ ਦਾ ਕੇਂਦਰ ਬਣੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਪੰਥ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਕੌਮ ਨੂੰ ਪੁਰਾਤਨ ਇਤਿਹਾਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਅਤੇ ਅੱਜ ਸਮਾਂ ਸਵੈ-ਚਿੰਤਨ ਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਸੋਸ਼ਲ ਮੀਡੀਆ ਇੱਕ ਵੱਡੀ ਚੁਣੌਤੀ ਬਣਿਆ ਹੈ, ਜਿਸ ਉੱਤੇ ਸਮਾਜ ਦੇ ਵੱਖ-ਵੱਖ ਫਿਰਕੇ ਇੱਕ ਦੂਜੇ ਬਾਰੇ ਨਫ਼ਰਤ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਆਪਣੇ ਮਤਭੇਦ ਭੁਲਾ ਕੇ ਸਮੁੱਚਾ ਖ਼ਾਲਸਾ ਪੰਥ ਅਤੇ ਇਸ ਦੀਆਂ ਵੱਖ-ਵੱਖ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋ ਕਿ ਇੱਕਜੁੱਟਤਾ ਨਾਲ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਕੌਮ ਨੂੰ ਸਿੱਖੀ ਦੇ ਬਹੁਤ ਹੀ ਮਹਾਨ ਸਿਧਾਂਤ ਅਤੇ ਪਰੰਪਰਾਵਾਂ ਬਖ਼ਸ਼ਿਸ਼ ਕੀਤੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸੰਗਤ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕਰਦੀ ਹੈ, ਜਿਸ ਦਾ ਸਤਿਕਾਰ ਹੈ, ਪਰ ਗੁਰਦੁਆਰਾ ਸਾਹਿਬਾਨ ਦੇ ਅੰਦਰ ਵੱਡੀ ਗਿਣਤੀ ਵਿੱਚ ਰੁਮਾਲਾ ਸਾਹਿਬ ਜਮ੍ਹਾਂ ਹੋ ਜਾਂਦੇ ਹਨ, ਜੋ ਅੱਗੇ ਕਿਤੇ ਕੰਮ ਨਹੀਂ ਆਉਂਦੇ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਵਿੱਚ ਰੁਮਾਲਾ ਸਾਹਿਬ ਚੜ੍ਹਾਉਣ ਤੋਂ ਸੰਕੋਚ ਕਰਦਿਆਂ ਜੇਕਰ ਇਨ੍ਹਾਂ ਉੱਤੇ ਖਰਚ ਕੀਤੀ ਜਾਣ ਵਾਲੀ ਮਾਇਆ ਗੁਰੂ ਸਾਹਿਬ ਨੂੰ ਭੇਟ ਕੀਤੀ ਜਾਵੇ ਤਾਂ ਕੌਮ ਦੇ ਹੁਸ਼ਿਆਰ ਤੇ ਲੋੜਵੰਦ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਉੱਚ ਵਿਦਿਆ ਮਹੁੱਈਆ ਕਰਵਾਉਣ ਲਈ ਇਹ ਸ਼ਕਤੀ ਵਰਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਰੁਮਾਲਾ ਸਾਹਿਬ ਲਈ ਭੇਟ ਕੀਤੀ ਜਾਣ ਵਾਲੀ ਮਾਇਆ ਨਾਲ ਹਰ ਸਾਲ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਆਈਏਐਸ, ਆਈਪੀਐਸ, ਪੀਸੀਐਸ, ਆਦਿ ਮੁਕਾਬਲਾ ਇਮਤਿਹਾਨਾਂ ਲਈ ਤਿਆਰ ਕੀਤਾ ਜਾ ਸਕਦਾ ਹੈ ਤਾਂ ਜੋ ਸਮੁੱਚੀ ਕੌਮ ਦਾ ਨਾਮ ਰੋਸ਼ਨ ਹੋਵੇ। ਉਨ੍ਹਾਂ ਕਿਹਾ ਹੈ ਕਿ ਅੱਜ ਲੋੜ ਹੈ ਸਾਨੂੰ ਅਜਿਹੀ ਮਰਯਾਦਾ ਲਾਗੂ ਕਰਨ ਲਈ ਫੈਸਲੇ ਕਰਨੇ ਪੈਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿਰੋਪਾਓ ਦੇਣ ਦੇ ਕਾਰਜ ਨੂੰ ਸੰਕੋਚਦਿਆਂ ਇਸ ਦੀ ਦੁਰਵਰਤੋਂ ਨੂੰ ਰੋਕਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਗੁਰਦੁਆਰਾ ਪ੍ਰਬੰਧ ਅਤੇ ਸਿੱਖ ਮਸਲਿਆਂ ਅੰਦਰ ਸਰਕਾਰੀ ਦਖ਼ਲ ਤੋਂ ਸੁਚੇਤ ਹੋਣ ਦੀ ਲੋੜ ਹੈ, ਜਿਵੇਂ ਕਿ ਸਭ ਨੇ ਦੇਖਿਆ ਹੈ ਕਿ ਗੁਰੂ ਘਰ ਦੀ ਮਰਯਾਦਾ ਦੇ ਉਲਟ ਜਾ ਕੇ ਕਿਵੇਂ ਸਰਕਾਰੀ ਸਰਪ੍ਰਸਤੀ ਹੇਠ ਹਰਿਆਣਾ ਗੁਰਦੁਆਰਾ ਕਮੇਟੀ (ਐਡਹਾਕ) ਦੇ ਆਗੂਆਂ ਨੇ ਤਾਲੇ ਕੱਟੇ ਅਤੇ ਪ੍ਰਬੰਧ ਉੱਤੇ ਕਬਜ਼ਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਗੁਰਦੁਆਰਾ ਕਮੇਟੀ ਦੇ ਆਗੂਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਲੱਖਾਂ-ਕਰੋੜਾਂ ਰੁਪਏ ਕਿਸਾਨੀ ਅੰਦੋਲਨ ਵਿੱਚ ਲੰਗਰਾਂ ਅਤੇ ਹੋਰ ਸਹੂਲਤਾਂ 'ਤੇ ਖਰਚ ਕੀਤੇ। ਐਡਵੋਕੇਟ ਧਾਮੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਵੀ ਕਿਸਾਨੀ ਅੰਦੋਲਨ ਸ਼ੁਰੂ ਹੋਵੇਗਾ ਤਾਂ ਸ਼੍ਰੋਮਣੀ ਕਮੇਟੀ ਪਹਿਲਾਂ ਦੀ ਤਰ੍ਹਾਂ ਹੀ ਸਹਿਯੋਗ ਕਰੇਗੀ ਅਤੇ ਕਿਸਾਨਾਂ ਦੇ ਨਾਲ ਖੜੇਗੀ। ਇਸ ਮੌਕੇ ਸਿੱਖ ਸੰਗਤ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦੀਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਹੋਲੇ ਮਹੱਲੇ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਕੌਮੀ ਅਨੁਸਾਸ਼ਨ ਨੂੰ ਕਾਇਮ ਰੱਖੀਏ ਅਤੇ ਐਸੇ ਢੰਗ ਨਾਲ ਸ੍ਰੀ ਅਨੰਦਪੁਰ ਸਾਹਿਬ ਆਈਏ ਕੇ ਗੁਰੂ ਸਾਹਿਬ ਦੀਆਂ ਅਪਾਰ ਖੁਸ਼ੀਆਂ ਸਾਨੂੰ ਮਿਲਣ। ਉਨ੍ਹਾਂ ਕਿਹਾ ਕਿ ਇਸ ਵਾਰ ਹੋਲੇ ਮਹੱਲੇ ਦੌਰਾਨ ਵਾਪਰੀਆਂ ਦੋ ਘਟਨਾਵਾਂ ਨੇ ਮਨ ਨੂੰ ਵਿਚਲਿਤ ਕੀਤਾ ਹੈ, ਇੱਕ ਹਿਮਾਚਲ ਪ੍ਰਦੇਸ਼ ਦੇ ਮਨੀਕਰਣ ਸਾਹਿਬ ਵਿਖੇ ਵਾਪਰੀ ਘਟਨਾ ਅਤੇ ਦੂਜਾ ਕੁਝ ਹੁੱਲੜਬਾਜ਼ਾਂ ਵੱਲੋਂ ਨੌਜਵਾਨ ਸਿੱਖ ਲੜਕੇ ਦਾ ਕਤਲ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਸੋਚਣਾ ਪਏਗਾ ਕਿ ਉਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਜਾਣ ਵੇਲੇ ਕੀ ਤੌਰ ਤਰੀਕੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਦੇ ਦਰਸ਼ਨਾਂ ਲਈ ਨਿਮਰਤਾ, ਸਾਦਗੀ ਨਾਲ ਜਾਣਾ ਚਾਹੀਦਾ ਹੈ, ਅਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀਆਂ ਸੰਸਥਾਵਾਂ ਦੇ ਵਿਰੁੱਧ ਬੀਤੇ ਦੋ ਦਹਾਕਿਆਂ ਤੋਂ ਹੋ ਰਹੇ ਕੂੜ ਪ੍ਰਚਾਰ ਦਾ ਨਤੀਜਾ ਹੈ ਜੋ ਅੱਜ ਹੁੱਲੜਬਾਜ਼ ਸਿੱਖ ਤਿਓਹਾਰਾਂ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਜਿਵੇਂ ਫ਼ੌਜ ਅੰਦਰ ਅਨੁਸਾਸ਼ਨ ਹੁੰਦਾ ਹੈ ਉਵੇਂ ਹੀ ਜੇ ਕੌਮ ਅੰਦਰ ਅਨੁਸਾਸ਼ਨ ਹੋਵੇਗਾ ਤਾਂ ਹਰ ਮੈਦਾਨ ਜਿੱਤ ਪ੍ਰਾਪਤ ਹੋਵੇਗੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਰੀੜ ਦੀ ਹੱਡੀ ਹੈ, ਜਿਸ ਨੂੰ ਸਰਕਾਰ ਵੱਲੋਂ ਖੰਡਨ ਕੀਤਾ ਗਿਆ ਹੈ। ਹਰਿਆਣਾ ਅੰਦਰ ਪ੍ਰਬੰਧ ਸਿੱਖਾਂ ਨੇ ਨਹੀਂ ਸੰਭਾਲਿਆ ਬਲਕਿ ਸਰਕਾਰ ਨੇ ਸੰਭਾਲਿਆ ਹੈ, ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਾ ਜਾਗੇ ਤਾਂ ਸ਼੍ਰੋਮਣੀ ਕਮੇਟੀ ਉੱਤੇ ਵੀ ਸਰਕਾਰਾਂ ਦੀ ਅਜਿਹੀ ਹੀ ਅੱਖ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸਭ ਤੋਂ ਵੱਡਾ ਸਹਿਯੋਗ ਗੁਰਦੁਆਰਾ ਸਾਹਿਬ ਦੀ ਸੰਸਥਾ ਵਿੱਚੋਂ ਮਿਲੀ ਹੈ। ਸਰਕਾਰ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਸਾਨ ਅੰਦੋਲਨ ਨੂੰ ਸਭ ਤੋਂ ਵੱਡਾ ਸਹਿਯੋਗ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਹੋਏ ਲੰਗਰਾਂ ਨੇ ਦਿੱਤਾ ਹੈ ਜੋ ਗੁਰਦੁਆਰਾ ਸਾਹਿਬਾਨ ਤੋਂ ਨਿਕਲੇ ਹਨ। ਇਸ ਲਈ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਨੂੰ ਕਬਜ਼ੇ ਵਿੱਚ ਕਰਨ ਦੀ ਮਨਸ਼ਾ ਤਹਿਤ ਹਰਿਆਣਾ ਕਮੇਟੀ ਨਤੀਜੇ ਵਜੋਂ ਨਿਕਲੀ ਹੈ। ਉਨ੍ਹਾਂ ਕਿਹਾ ਕਿ ਅੰਗ੍ਰੇਜ਼ਾਂ ਵਾਲੀ ਨੀਤੀ ਉੱਤੇ ਚਲਦਿਆਂ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਸਰਕਾਰ ਵੱਲੋਂ ਆਪਣੇ ਬੰਦਿਆਂ ਰਾਹੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਕਬਜ਼ਾਏ ਜਾ ਰਹੇ ਹਨ, ਪਰ ਇਤਿਹਾਸ ਗਵਾਹ ਹੈ ਕਿ ਸਿੱਖ ਇਕੱਠੇ ਹੋਏ ਤੇ ਉਨ੍ਹਾਂ ਨੇ ਸੰਘਰਸ਼ ਕਰਕੇ ਗੁਰਦੁਆਰਾ ਸਾਹਿਬਾਨ ਅਜ਼ਾਦ ਕਰਵਾਏ ਅਤੇ ਅੱਗੇ ਚੱਲ ਕੇ ਦੇਸ਼ ਅਜ਼ਾਦ ਕਰਵਾਇਆ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਦੇਸ਼ ਅਜ਼ਾਦ ਹੋ ਗਿਆ ਪਰ ਸਿੱਖ ਅਜ਼ਾਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇੱਕ ਮੁਲਕ ਜਿਹੜਾ ਆਪਣੇ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਅਨੇਕਾਂ ਯਤਨ ਕਰਦਾ ਹੈ, ਉਸ ਨੂੰ ਸਿੱਖਾਂ ਦੀ ਪਾਰਲੀਮੈਂਟ ਤੋੜਨ ਸਮੇਂ ਭੋਰਾ ਵੀ ਸ਼ਰਮ ਨਾ ਆਈ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਿਸਟਮ ਭਾਰਤੀ ਪਾਰਲੀਮੈਂਟ ਨੂੰ ਅਖੰਡ ਰੱਖਣ ਦੇ ਲਈ ਕਿਸੇ ਵੀ ਕੀਮਤ ਉੱਤੇ ਕੰਮ ਕਰਦਾ ਹੈ, ਜਿਸ ਤੋਂ ਸਾਨੂੰ ਕੋਈ ਮਤਲਬ ਨਹੀਂ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਤੰਤਰ ਨੇ ਜੇਕਰ ਸਿੱਖਾਂ ਦੀ ਪਾਰਲੀਮੈਂਟ ਦੇ ਦੋ ਟੁਕੜੇ ਕੀਤੇ ਹਨ ਤਾਂ ਅਕਾਲ ਪੁਰਖ ਉਸ ਪਾਰਲੀਮੈਂਟ ਨੂੰ ਵੀ ਕਈ ਟੁਕੜਿਆਂ ਵਿੱਚ ਕਰੇਗਾ, ਇਹ ਖ਼ਾਲਸੇ ਦੀ ਬਦ-ਦੁਆ ਲੱਗੇਗੀ। ਉਨ੍ਹਾਂ ਕਿਹਾ ਕਿ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸ਼ਕਤੀ ਦਾ ਸਰੋਤ ਹੈ ਅਤੇ ਇਸ ਨੂੰ ਤੋੜਨ ਦਾ ਕਾਰਜ ਸੁਪਰੀਮ ਕੋਰਟ ਦੇ ਰਾਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 1947 ਤੋਂ ਲੈ ਕੇ ਅੱਜ ਤੱਕ ਸੁਪਰੀਮ ਕੋਰਟ ਦਾ ਇੱਕ ਵੀ ਫੈਸਲਾ ਸਿੱਖਾਂ ਦੇ ਹੱਕ ਵਿੱਚ ਨਹੀਂ ਅਤੇ ਸਮੂਹ ਸਰਕਾਰੀ ਸੰਸਥਾਵਾਂ ਕਦੇ ਵੀ ਸਿੱਖਾਂ ਦੇ ਹੱਕ ਵਿੱਚ ਨਹੀਂ ਖੜੀਆਂ। ਸਿੰਘ ਸਾਹਿਬ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਅਜੰਸੀਆਂ ਵੱਲੋਂ ਬਣਾਏ ਬਹੁਤ ਸਾਰੇ ਫੇਕ ਖਾਤੇ ਸਿੱਖਾਂ ਦੀਆਂ ਸੰਸਥਾਵਾਂ ਦੇ ਖਿਲਾਫ ਬਿਰਤਾਂਤ ਸਿਰਜ ਕੇ ਸਾਨੂੰ ਵੱਡੀ ਢਾਹ ਲਗਾ ਰਹੇ ਹਨ, ਜਿਸ ਤੋਂ ਸਾਨੂੰ ਸੁਚੇਤ ਅਤੇ ਸਾਵਧਾਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ ਦੀ ਪਾਰਟੀ ਸੀ ਅਤੇ ਇਹ ਕਦੇ ਵੀ ਸਰਮਾਏਦਾਰਾਂ ਦੀ ਪਾਰਟੀ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਨਾਂ ਚਿਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ ਦੀ ਪਾਰਟੀ ਨਹੀਂ ਬਣਦੀ ਇਹ ਸੰਘਰਸ਼ ਨਹੀਂ ਕਰੇਗੀ ਅਤੇ ਜਿੱਤ ਪ੍ਰਾਪਤ ਨਹੀਂ ਕਰੇਗੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖਾਂ ਦੇ ਖਿਲਾਫ ਸਿਰਜੇ ਜਾ ਰਹੇ ਬਿਰਤਾਂਤ ਨੂੰ ਇੱਕਜੁੱਟ ਹੋ ਕਿ ਤੋੜਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ।