- ਬਾਬਾ ਸ਼ੇਖ ਫਰੀਦ ਡਰਾਮਾ ਫੈਸਟੀਵਲ ਅਮਿੱਟ ਯਾਦਾਂ ਛੱਡਦਾ ਹੋਇਆ ਮੁਕੰਮਲ
- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ
ਫਰੀਦਕੋਟ, 21 ਸੰਤਬਰ : 850ਵੇਂ ਬਾਬਾ ਫਰੀਦ ਜਨਮ ਸ਼ਤਾਬਦੀ ਨੂੰ ਸਮਰਪਿਤ ਬੀਤੀਂ ਸ਼ਾਮ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਬਾਬਾ ਸ਼ੇਖ ਫਰੀਦ ਡਰਾਮਾ ਫੈਸਟੀਵਲ ਵਿੱਚ ਨਟਰੰਗ ਸੁਸਾਇਟੀ ਅਬੋਹਰ ਵੱਲੋਂ ਜੀ ਆਇਆ ਨੂੰ ਅਤੇ ਨਾਟਿਅਮ ਜੈਤੋ ਵੱਲੋਂ ਮਾਈਨਸ ਜੀਰੋ ਜੀਰੋ ਜੀਰੋ ਜੀਰੋ ਜੀਰੋ ਦੀ ਸਫਲ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ। ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਬੀਬੀ ਬੇਅੰਤ ਕੌਰ ਸੇਖੋਂ, ਗੁਰਤੇਜ ਸਿੰਘ ਖੋਸਾ, ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਭੁਪਿੰਦਰ ਉਤਰੇਜਾ ਵੱਲੋਂ ਲਿਖੇ ਅਤੇ ਹੈਰੀ ਉਤਰੇਜਾ ਵੱਲੋਂ ਨਿਰਦੇਸ਼ਤ ਨਾਟਕ ਜੀ ਆਇਆ ਨੂੰ ਦੀ ਸਫਲ ਪੇਸ਼ਕਾਰੀ ਕੀਤੀ ਗਈ। ਬੱਚਿਆਂ ਦਾ ਮਾਪਿਆਂ ਨੂੰ ਛੱਡ ਕੇ ਬਾਹਰ ਜਾਣਾ ਅਤੇ ਬੁਜ਼ੁਰਗਾਂ ਦੀ ਇਕੱਲਤਾ ਨੂੰ ਦਰਸਾਉਂਦੇ ਇਸ ਨਾਟਕ ਨੇ ਦਰਸ਼ਕਾਂ ਦਾ ਸਮਾਂ ਬੰਨਿਆ । ਜ਼ਿੰਦਗੀ ਦੀ ਇਸ ਕੌੜੀ ਸੱਚਾਈ ਨੂੰ ਕਲਾਕਾਰਾਂ ਨੇ ਬਹੁਤ ਹੀ ਸਹਿਜਤਾ ਅਤੇ ਸਟੀਕ ਉਦਾਹਰਨਾਂ ਨਾਲ ਪੇਸ਼ ਕੀਤਾ ।ਨਾਟਕ ਵਿੱਚ ਬੜੇ ਹੀ ਗੰਭੀਰ ਵਿਸ਼ੇ ਨੂੰ ਕਟਾਕਸ਼ ਅਤੇ ਚੁਟਕੁਲਿਆਂ ਰਾਂਹੀਂ ਉਭਾਰਨ ਦੀ ਸਫਲ ਕੋਸ਼ਿਸ਼ ਕੀਤੀ ਗਈ । ਨੌਜਵਾਨਾਂ ਦਾ ਬਾਹਰਲੇ ਮੁਲਕਾਂ ਦਾ ਮੋਹ ਤਿਆਗ ਕੇ ਆਪਣੇ ਮਾਂ ਬਾਪ ਨਾਲ ਨਾ ਰਹਿਣ ਦੀ ਜ਼ਿੱਦ ਨੂੰ ਬੜੀ ਹੀ ਬਾਰੀਕਤਾ ਅਤੇ ਢੁੱਕਵੇਂ ਡਾਇਲਾਗਾਂ ਨਾਲ ਚਿਤਰਿਤ ਕੀਤਾ ਗਿਆ । ਨਾਟਕ ਨੇ ਜਿੱਥੇ ਦਰਸ਼ਕਾਂ ਨੂੰ ਹੱਸਣ ਲਈ ਮਜਬੂਰ ਕੀਤਾ ਉੱਥੇ ਨਾਲ ਹੀ ਇੱਕ ਨੌਜਵਾਨ ਵੱਲੋਂ ਇਹ ਕਹਿ ਕੇ ਕਿ ਉਸ ਦੇ ਮਾਲਕ ਦਾ ਕੁੱਤਾ ਬਿਮਾਰ ਹੈ, ਇਸ ਕਾਰਨ ਉਹ ਆਪਣੇ ਬਾਪ ਦੇ ਜਨਮਦਿਨ ਤੇ ਪਿੰਡ ਨਹੀਂ ਆ ਸਕਦਾ, ਦਿਲਾਂ ਤੇ ਡੂੰਘੀ ਚੋਟ ਵੀ ਮਾਰੀ । ਸਮਾਜ ਵਿੱਚ ਫੈਲ ਰਹੀ ਇਸ ਗੰਭੀਰ ਸਮੱਸਿਆ ਨੂੰ ਲੋਕਾਂ ਵਿੱਚ ਨਾਟਕ ਰਾਹੀਂ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਰੱਜ ਕੇ ਸਰਾਹਿਆ । ਇਸ ਮੌਕੇ ਜਸਪ੍ਰੀਤ ਜੱਸੀ ਵੱਲੋਂ ਲਿਖਿਆ ਅਤੇ ਕੀਰਤੀ ਕਿਰਪਾਲ ਜਿਲ੍ਹਾ ਭਾਸ਼ਾ ਅਫਸਰ ਬਠਿੰਡਾ ਵੱਲੋਂ ਨਿਰਦੇਸ਼ਤ ਨਾਟਕ ਮਾਈਨਸ ਜੀਰੋ ਜੀਰੋ ਜੀਰੋ ਜੀਰੋ ਜੀਰੋ ਖੇਡਿਆ ਗਿਆ। ਇਸ ਨਾਟਕ ਵਿੱਚ ਲੋਕਾਂ ਨੂੰ ਮਨ ਦੀ ਸ਼ਾਂਤੀ ਲਈ ਆਪਣੇ ਗੁੱਸੇ ,ਕਾਮ, ਕ੍ਰੋਧ, ਮੋਹ ਅਤੇ ਹੰਕਾਰ ਦੇ ਤਿਆਗ ਦੀ ਸਿੱਖਿਆ ਦਿੱਤੀ ਗਈ। ਦੋਹਾਂ ਨਾਟਕਾਂ ਨੇ ਇਕ ਤੋਂ ਵੱਧ ਇਕ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਮੋਗਾ ਤੋਂ ਆਏ ਅਵਤਾਰ ਅਤੇ ਇਕਬਾਲ ਨਾਮ ਦੇ ਭੰਡਾਂ ਨੇ ਵੀ ਲੋਕਾਂ ਦਾ ਖੂਬ ਮੰਨੋਰੰਜਨ ਕੀਤਾ। ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ ਨਾਟਕ ਦੀ ਕਲਾ ਬਹੁਤ ਹੀ ਸੂਖਮ ਕਲਾ ਹੈ। ਇਸ ਦੇ ਨਾਲ ਹਰ ਸੰਦੇਸ਼ ਨੂੰ ਬੜੀ ਸੰਜੀਦਗੀ ਨਾਲ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਾਟਕ ਕਲਾਂ ਦਾ ਆਨੰਦ ਮਾਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੋਜਵਾਨਾਂ ਅਤੇ ਬਜੁਰਗਾਂ ਦੇ ਵਿੱਚ ਵੱਧ ਰਹੇ ਪਾੜੇ ਨੂੰ ਪੰਜਾਬ ਸਰਕਾਰ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਖੂਬਸੂਰਤ ਪ੍ਰੋਗਰਾਮ ਲਿਆਂਦੇ ਜਾਣਗੇ। ਇਸ ਮੌਕੇ ਉਨ੍ਹਾਂ ਨੋਜਵਾਨਾਂ ਨੂੰ ਬਜ਼ੁਰਗਾਂ ਦੇ ਸਤਿਕਾਰ ਵਾਸਤੇ ਵੀ ਪ੍ਰੇਰਿਤ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਜਸਬੀਰ ਸਿੰਘ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਐਕਸੀਅਨ ਦਲਜੀਤ ਸਿੰਘ, ਏ.ਡੀ.ਸੀ ਜਨਰਲ ਡਾ. ਨਿਰਮਲ ਓਸੇਪਚਨ, ਜਿਲ੍ਹਾ ਲੋਕ ਸੰਪਰਕ ਅਫਸਰ ਗੁਰਦੀਪ ਸਿੰਘ ਮਾਨ, ਭਾਸ਼ਾ ਅਫਸਰ ਮਨਜੀਤ ਪੁਰੀ, ਜਗਜੀਤ ਸਿੰਘ ਚਹਿਲ, ਗੁਰਚਰਨ ਸਿੰਘ ਪ੍ਰਧਾਨ ਨੈਸ਼ਨਲ ਯੂਥ ਕਲੱਬ, ਐਡਵੋਕੇਟ ਮਹੀਪਇੰਦਰ ਸਿੰਘ ਸੇਖੋ, ਪਾਲ ਸਿੰਘ ਸੰਧੂ, ਜਸਵਿੰਦਰ ਪਾਲ ਸਿੰਘ ਮਿੰਟੂ, ਗੁਰਮੇਲ ਸਿੰਘ ਜੱਸਲ, ਲੋਕ ਗਾਇਕ ਸੁਰਜੀਤ ਗਿੱਲ, ਸੁਖਬੀਰ ਸਿੰਘ ਕੁੰਡਲ ਪ੍ਰਧਾਨ ਲੋਕ ਰੰਗ ਮੰਚ ਹਾਜ਼ਰ ਸਨ।