ਸਬ-ਇੰਸਪੈਕਟਰ ਦੇ ਲੜਕੇ ਨੇ ਕੀਤੀ ਖੁਦਕੁਸ਼ੀ, ਕੋਲੋਂ ਸੁਸਾਈਡ ਨੋਟ ਵੀ ਮਿਲਿਆ

ਲੁਧਿਆਣਾ : ਲੁਧਿਆਣਾ ਵਿੱਚ ਅੱਜ ਤੜਕੇ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੇ ਪੁੱਤਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿਚ ਉਸ ਨੇ ਆਪਣੀ ਪਤਨੀ ਹਰਮਨ ਤੋਂ ਮੁਆਫੀ ਮੰਗੀ। ਘਟਨਾ ਟਿੱਬਾ ਰੋਡ ਦੀ ਗਰੇਵਾਲ ਕਾਲੋਨੀ ਦੀ ਹੈ। ਨੌਜਵਾਨ ਦੇ ਵਿਆਹ ਨੂੰ 9 ਮਹੀਨੇ ਹੀ ਹੋਏ ਸਨ। ਉਸ ਦੀ ਪਤਨੀ ਹਰਮਨ ਕੌਰ ਨਾਲ ਕਾਫੀ ਤਕਰਾਰ ਚੱਲ ਰਹੀ ਸੀ, ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਤਨੀ ਘਰੋਂ ਗਈ ਹੋਈ ਸੀ। ਬੀਤੀ ਦੇਰ ਰਾਤ ਨੌਜਵਾਨ ਦੀ ਮਾਤਾ ਸੁਖਦੀਪ ਕੌਰ ਵਾਸ਼ਰੂਮ ਕਰਨ ਲਈ ਉੱਠੀ ਤਾਂ ਦੇਖਿਆ ਕਿ ਮੁੰਡੇ ਦੇ ਕਮਰਾ ਬੰਦ ਹੈ। ਉਸ ਨੇ ਪੁੱਤਰ ਨੂੰ ਆਵਾਜ਼ ਲਾਈ ਪਰ ਜਦੋਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਸੁਖਦੀਪ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਉਠਾਇਆ ਅਤੇ ਕਮਰੇ ਦਾ ਬੂਹਾ ਖੁਲ੍ਹਵਾ ਕੇ ਅੰਦਰ ਵੜੇ। ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਨੇ ਦੇਖਿਆ ਕਿ ਪੁੱਤਰ ਦੀ ਲਾਸ਼ ਜ਼ਮੀਨ ‘ਤੇ ਪਈ ਸੀ ਅਤੇ ਚੁੰਨੀ ਪੱਖੇ ਨਾਲ ਬੰਨ੍ਹੀ ਹੋਈ ਸੀ। ਪਰਿਵਾਰ ਦੇ ਚੀਕ-ਚਿਹਾੜੇ ਦੀ ਆਵਾਜ਼ ਸੁਣ ਕੇ ਸਾਰਾ ਇਲਾਕਾ ਇਕੱਠਾ ਹੋ ਗਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਟਿੱਬਾ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਨੇ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਮ੍ਰਿਤਕ ਗੁਰਪ੍ਰੀਤ ਦਾ ਪਿਤਾ ਹਰਮਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ। ਮੌਕੇ ‘ਤੇ ਮਿਲੇ ਸੁਸਾਈਡ ਨੋਟ ‘ਚ ਗੁਰਪ੍ਰੀਤ ਸਿੰਘ ਨੇ ਲਿਖਿਆ ਕਿ ਮੈਂ ਅੱਜ ਤੱਕ ਜੋ ਕੁਝ ਕੀਤਾ ਉਸ ਲਈ ਮੈਨੂੰ ਮੁਆਫ਼ ਕਰ ਦਿਓ, ਮੈਨੂੰ ਖੁਦ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਹੋ ਗਿਆ ਹਾਂ। ਮੇਰੇ ਦਿਲ ਵਿੱਚ ਬਹੁਤ ਸਾਰੀਆਂ ਗੱਲਾਂ ਹਨ ਜੋ ਮੈਂ ਕਿਸੇ ਨਾਲ ਨਹੀਂ ਕਰ ਸਕਦਾ। ਮ੍ਰਿਤਕ ਗੁਰਪ੍ਰੀਤ ਦੇ ਭਰਾ ਸਿਮਰਨ ਨੇ ਦੱਸਿਆ ਕਿ ਗੁਰਪ੍ਰੀਤ ਪਿਛਲੇ ਕੁਝ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਤੇ ਗੁੱਸੇ ਵਿੱਚ ਰਹਿੰਦਾ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜੇ਼ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਜਾਏਗੀ।