ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਥਿੰਕ ਕੁਆਂਟਮ 2.0 ਹੇਕਾਥਾਨ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸ੍ਰੀ ਫ਼ਤਹਿਗੜ੍ਹ ਸਾਹਿਬ, 08 ਅਪ੍ਰੈਲ (ਹਰਪ੍ਰੀਤ ਸਿੰਘ ਗੁੱਜਰਵਾਲ) : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ ਬੇਮਿਸਾਲ ਯੋਗਤਾ ਅਤੇ ਨਵੀਨ ਸੋਚ ਨਾਲ ਥਿੰਕ ਕੁਆਂਟਮ 2.0 ਹੇਕਾਥਾਨ ਵਿੱਚ ਕਾਮਯਾਬੀ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਇਹ ਹੇਕਥਾਨ  ਗੁਲਜ਼ਾਰ ਗਰੁੱਪ  ਆਫ ਕਾਲਜਿਜ਼ ਵਿਖੇ ਰੋਬੋਮਾਨੀਆ  ਫੈਸਟ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਹਿੰਦੋਸਤਾਨ ਭਰ ਤੋਂ ਆਏ ਹੋਏ ਕਈ ਮਿਹਨਤੀ ਅਤੇ ਹੁਨਰਮੰਦ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਵੱਲੋਂ ਦੋ ਟੀਮਾਂ ਨੇ 24 ਘੰਟਿਆਂ ਦੇ ਇਸ ਕੋਡਿੰਗ ਚੈਲੰਜ ਵਿੱਚ ਭਾਗ ਲਿਆ। ਇਨ੍ਹਾਂ ਵਿੱਚੋਂ ਨਿਤੇਸ਼ ਮਿੱਤਲ, ਮੰਸੀ ਮਿੱਤਲ, ਖੁਸ਼ਮਨ ਸਿੰਘ ਅਤੇ ਰਣਬੀਰ ਸਿੰਘ ਦੀ ਟੀਮ ਨੇ ਆਪਣੀ ਵਿਸ਼ੇਸ਼ ਸੋਚ ਅਤੇ ਤਕਨਕੀ ਮਾਹਰਤਾ ਨਾਲ ਦੂਜਾ ਸਥਾਨ ਹਾਸਲ ਕੀਤਾ। ਡਾ. ਜਤਿੰਦਰ ਸਿੰਘ ਸੈਣੀ, ਮੁੱਖੀ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੇ ਵਿਦਿਆਰਥੀਆਂ ਦੀ ਸਫਲਤਾ ਉੱਤੇ ਖੁਸ਼ੀ ਜਤਾਉਂਦਿਆਂ ਕਿਹਾ "ਸਾਡੀਆਂ ਟੀਮਾਂ ਨੇ ਜੋ ਉਪਲਬਧੀ ਹਾਸਲ ਕੀਤੀ ਹੈ, ਉਹ ਸਿਰਫ਼ ਉਨ੍ਹਾਂ ਦੀ ਮਿਹਨਤ ਨਹੀਂ, ਸਗੋਂ ਉਨ੍ਹਾਂ ਦੀ ਨਵੀਨਤਾ, ਲਗਨ ਅਤੇ ਸਹਿਯੋਗੀ ਭਾਵਨਾ ਦਾ ਨਤੀਜਾ ਹੈ। ਅਸੀਂ ਵਿਦਿਆਰਥੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਾਂਗੇ ਕਿ ਉਹ ਅਜਿਹੇ ਮੰਚਾਂ 'ਤੇ ਆਪਣੀ ਕਾਬਲਿਯਤ ਦਰਸਾਉਣ।" ਡਾ. ਲਖਵੀਰ ਸਿੰਘ, ਪ੍ਰਿੰਸੀਪਲ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ  ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ: "ਇਸ ਤਰ੍ਹਾਂ ਦੀਆਂ ਸਫਲਤਾਵਾਂ ਸਾਨੂੰ ਇਹ ਵਿਸ਼ਵਾਸ ਦਿੰਦੀਆਂ ਹਨ ਕਿ ਸਾਡੇ ਵਿਦਿਆਰਥੀ ਭਵਿੱਖ ਦੇ ਉਜਲੇ ਨਿਰਮਾਤਾ ਹਨ। ਅਜਿਹੇ ਮੁਕਾਬਲੇ ਉਨ੍ਹਾਂ ਨੂੰ ਆਤਮ ਵਿਸ਼ਵਾਸ, ਟੀਮ ਵਰਕ ਅਤੇ ਆਗੂ ਗੁਣਾਂ ਨਾਲ ਲੈਸ ਕਰਦੇ ਹਨ। ਮੈਂ ਸਾਰੀ ਟੀਮ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।" ਇਹ ਪ੍ਰਾਪਤੀ ਸਿਰਫ਼ ਇੱਕ ਇਨਾਮ ਨਹੀਂ, ਸਗੋਂ ਇੱਕ ਪ੍ਰੇਰਨਾ ਹੈ – ਹੋਰ ਵਿਦਿਆਰਥੀਆਂ ਲਈ ਕਿ ਉਨ੍ਹਾਂ ਦੇ ਵਿਚ ਵੀ ਅਸਾਧਾਰਣ ਬਣਨ ਦੀ ਸਮਰੱਥਾ ਹੈ।