ਲੌਂਗੋਵਾਲ, 22 ਫਰਵਰੀ : ਲੌਂਗੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਨ ਦਾ ਐਮਰਜੈਂਸੀ ਸੇਵਾਵਾਂ ਚਾਲੂ ਕਰਨ ਅਤੇ ਹੱਡਾ ਰੋੜੀ ਦੀ ਮੰਗ ਨੂੰ ਲੈ ਕੇ ਅੱਜ ਲੋਕਾਂ ਵੱਲੋਂ ਸਾਂਝੇ ਰੂਪ ਵਿੱਚ ਪਹਿਲਾਂ ਸਰਕਾਰੀ ਹਸਪਤਾਲ ਲੌਂਗੋਵਾਲ ਵਿੱਚ ਧਰਨਾ ਲਗਾਇਆ ਗਿਆ ਅਤੇ ਉਸ ਤੋਂ ਬਾਅਦ ਬਾਜ਼ਾਰ ਵਿਚੋਂ ਦੀ ਰੋਸ ਮਾਰਚ ਕਰਦਿਆਂ ਸਬ-ਤਹਿਸੀਲ ਲੌਂਗੋਵਾਲ ਅੰਦਰ ਧਰਨਾ ਲਗਾਇਆ ਗਿਆ। ਇਸ ਮੌਕੇ ਪਹੁੰਚੇ ਐੱਸ ਐੱਮ ਓ ਡਾਕਟਰ ਅੰਜੂ ਸਿੰਗਲਾ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਹਸਪਤਾਲ ਨਾਲ ਸਬੰਧਤ ਮਸਲੇ ਹੱਲ ਕੀਤੇ ਜਾਣਗੇ। ਨਾਇਬ ਤਹਿਸੀਲਦਾਰ ਅਮ੍ਰਿਤ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਲੌਂਗੋਵਾਲ ਨੂੰ ਹੱਡਾਰੋੜੀ ਲਈ ਜ਼ਮੀਨ ਖਰੀਦਣ ਲਈ ਮਤਾ ਪਾਉਣ ਲਈ ਕਿਹਾ ਜਾਵੇਗਾ ਅਤੇ ਇਹ ਮਸਲਾ ਐੱਸ ਡੀ ਐੱਮ ਸਾਹਿਬ ਦੇ ਧਿਆਨ ਵਿੱਚ ਹੈ। ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਬਲਾਕ ਆਗੂ ਦਰਬਾਰਾ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਪਿਛਲੀ 5 ਫਰਵਰੀ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਕ ਹਫ਼ਤੇ ਵਿੱਚ ਇਹ ਮਸਲੇ ਹੱਲ ਕੀਤੇ ਜਾਣਗੇ ਪਰ ਅੱਜ ਤੱਕ ਇਨ੍ਹਾਂ ਮਸਲਿਆਂ ਦਾ ਕੋਈ ਪੱਕਾ ਹੱਲ ਨਹੀਂ ਹੋਇਆ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿਉਂਕਿ ਸਰਕਾਰੀ ਹਸਪਤਾਲ ਜਿੱਥੇ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਉਥੇ ਇਸ ਦੀ ਚਾਰਦੀਵਾਰੀ ਨਾ ਹੋਣ ਕਾਰਨ ਇਥੇ ਅਵਾਰਾ ਡੰਗਰ ਘੁੰਮ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਮਸਲੇ ਦਾ ਇੱਕ ਹਫਤੇ ਦੇ ਅੰਦਰ ਹੱਲ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਮੀਟਿੰਗ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਹੱਡਾਰੋੜੀ ਦੇ ਮਸਲੇ ਦਾ ਹੱਲ ਨਹੀਂ ਹੁੰਦਾ ਹੈ ਤਾਂ ਲੋਕ ਮਰੇ ਹੋਏ ਪਸ਼ੂ ਨਗਰ ਕੌਂਸਲ ਦਫ਼ਤਰ ਸੁੱਟਣਗੇ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਮਲਜੀਤ ਸਿੰਘ ਵਿੱਕੀ, ਤਰਕਸ਼ੀਲ ਸੁਸਾਇਟੀ ਵੱਲੋਂ ਜੁਝਾਰ ਸਿੰਘ ਅਤੇ ਕਾਮਰੇਡ ਸੱਤਪਾਲ ਨੇ ਵੀ ਸਮਰਥਨ ਦਿੱਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬਲਾਕ ਆਗੂ ਬਲਵਿੰਦਰ ਸਿੰਘ ਢੱਡਰੀਆਂ, ਅਵਤਾਰ ਸਿੰਘ ਸਾਹੋਕੇ, ਰਵਿੰਦਰ ਸਿੰਘ ਤਕੀਪੁਰ, ਅੰਗਰੇਜ਼ ਸਿੰਘ ਰੱਤੋਕੇ, ਇਕਾਈ ਲੌਂਗੋਵਾਲ ਦੇ ਪ੍ਰਧਾਨ ਹਰਦੇਵ ਸਿੰਘ ਦੁੱਲਟ, ਮੀਤ ਪ੍ਰਧਾਨ ਕਰਮ ਸਿੰਘ, ਭੋਲਾ ਸਿੰਘ ਪਨਾਂਚ, ਮਲਕੀਤ ਸਿੰਘ, ਬੀਕੇਯੂ ਡਕੌਂਦਾ ਦੇ ਆਗੂ ਭੋਲਾ ਸਿੰਘ, ਪਰਗਟ ਸਿੰਘ, ਹਰਜੀਤ ਸਿੰਘ ਅਕਾਲੀ, ਜੀਵਨ ਸਿੰਘ, ਗੁਰਮੇਲ ਕੌਰ, ਹਰਬੰਸ ਕੌਰ ਅਤੇ ਬੇਅੰਤ ਕੌਰ ਆਦਿ ਹਾਜ਼ਰ ਸਨ।