ਫਾਜਿ਼ਲਕਾ, 21 ਸਤੰਬਰ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਜਿ਼ਲ੍ਹੇ ਵਿਚ ਨਜਾਇਜ਼ ਮਾਇਨਿੰਗ ਖਿਲਾਫ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਵਿਭਾਗਾਂ ਨਾਲ ਬੈਠਕ ਕੀਤੀ।ਬੈਠਕ ਵਿਚ ਐਸਐਸਪੀ ਸ੍ਰੀ ਮਨਜੀਤ ਸਿੰਘ ਢੇਸੀ ਵੀ ਵਿਸੇਸ਼ ਤੌਰ ਤੇ ਹਾਜਰ ਹੋਏ। ਡਿਪਟੀ ਕਮਿਸ਼ਨਰ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਨਜਾਇਜ ਮਾਇਨਿੰਗ ਰੋਕਣ ਲਈ ਜ਼ੇਕਰ ਕਿਸੇ ਵੀ ਜਿੰਮੇਵਾਰ ਅਧਿਕਾਰੀ ਨੇ ਢਿੱਲ ਕੀਤੀ ਤਾਂ ਅਜਿਹੇ ਅਧਿਕਾਰੀ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਕੋਈ ਵੀ ਨਿਯਮਾਂ ਦਾ ਉਲੰਘਣ ਕਰਕੇ ਨਜਾਇਜ਼ ਮਾਇਨਿੰਗ ਕਰਦਾ ਪਾਇਆ ਜਾਵੇ ਉਸਦੇ ਖਿਲਾਫ ਸ਼ਖਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਆਪੋ ਆਪਣੇ ਇਲਾਕਿਆਂ ਵਿਚ ਚੌਕਸੀ ਰੱਖਣ। ਐਸਐਸਪੀ ਸ੍ਰੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਨਜਾਇਜ ਮਾਇਨਿੰਗ ਖਿਲਾਫ ਕਾਰਵਾਈ ਲਈ ਮਾਇਨਿੰਗ ਵਿਭਾਗ ਨੂੰ ਮੰਗ ਅਨੁਸਾਰ ਪੁਲਿਸ ਫੋਰਸ ਵੀ ਮੁਹਈਆ ਕਰਵਾਈ ਜਾਵੇਗੀ ਅਤੇ ਅਜਿਹੇ ਮਾੜੇ ਅਨਸਰਾਂ ਖਿਲਾਫ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀਆਂ ਜਾਣਗੀਆਂ ਅਤੇ ਮਸ਼ੀਨਰੀ ਜਬਤ ਕੀਤੀ ਜਾਵੇਗੀ। ਬੈਠਕ ਵਿਚ ਕਾਰਜਕਾਰੀ ਇੰਜਨੀਅਰ ਸ੍ਰੀ ਅਲੋਕ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਮਾਇਨਿੰਗ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੈਠਕ ਵਿਚ ਐਸਡੀਐਮ ਸ੍ਰੀ ਅਕਾਸ਼ ਬਾਂਸਲ, ਸ੍ਰੀ ਨਿਕਾਸ ਖੀਚੜ, ਸ੍ਰੀ ਰਵਿੰਦਰ ਸਿੰਘ ਅਰੋੜਾ, ਡੀਐਸਪੀ ਸ੍ਰੀ ਸੁਬੇਗ ਸਿੰਘ, ਡੀਡੀਪੀਓ ਸ੍ਰੀ ਸੰਜੀਵ ਸ਼ਰਮਾ, ਸ੍ਰੀ ਮਨਜੀਤ ਸਵਾਮੀ ਆਦਿ ਵੀ ਹਾਜਰ ਸਨ।