ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਚੀਨੀ ਮਿੱਲ, ਮੋਰਿੰਡਾ ਦਾ ਦੌਰਾ 

ਸ੍ਰੀ ਫਤਹਿਗੜ੍ਹ ਸਾਹਿਬ, 9 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਦੇ ਬੀ.ਟੈਕ. ਫੂਡ ਪ੍ਰੋਸੈਸਿੰਗ ਟੈਕਨੋਲੋਜੀ (ਦੂਜਾ ਸਮੈਸਟਰ) ਅਤੇ ਐੱਮ.ਐੱਸ.ਸੀ. ਫੂਡ ਪ੍ਰੋਸੈਸਿੰਗ ਟੈਕਨੋਲੋਜੀ (ਦੂਜਾ ਸਮੈਸਟਰ) ਦੇ ਵਿਦਿਆਰਥੀਆਂ ਨੇ ਮੋਰਿੰਡਾ ਕੋਆਪਰੇਟਿਵ ਸ਼ੂਗਰ ਮਿੱਲ ਲਿਮਿਟਡ, ਮੋਰਿੰਡਾ ਦਾ ਉਦਯੋਗਿਕ ਅਨੁਭਵ ਪ੍ਰਾਪਤ ਕਰਨ ਦੇ ਹਿੱਸੇ ਵਜੋਂ ਦੌਰਾ ਕੀਤਾ। ਇਹ ਦੌਰਾ ਵਿਦਿਆਰਥੀਆਂ ਨੂੰ ਚੀਨੀ ਪ੍ਰੋਸੈਸਿੰਗ ਅਤੇ ਮਿੱਲਿੰਗ ਪ੍ਰਕਿਰਿਆਵਾਂ ਦੀ ਵਿਅਹਾਰਿਕ ਜਾਣਕਾਰੀ ਦੇਣ ਲਈ ਆਯੋਜਿਤ ਕੀਤਾ ਗਿਆ। ਫੂਡ ਪ੍ਰੋਸੈਸਿੰਗ ਟੈਕਨੋਲੋਜੀ ਵਿਭਾਗ ਦੇ ਇੰਚਾਰਜ ਡਾ. ਰੁਪਿੰਦਰ ਪਾਲ ਸਿੰਘ ਦੀ ਆਗਵਾਈ ਹੇਠ ਸਹਾਇਕ ਪ੍ਰੋਫੈਸਰ ਬੀਬਾ ਕੌਮਲਪ੍ਰੀਤ ਕੌਰ ਅਤੇ ਬੀਬਾ ਹਰਮਨਦੀਪ ਕੌਰ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਦੌਰੇ ਦੌਰਾਨ, ਵਿਦਿਆਰਥੀਆਂ ਨੇ ਚੀਨੀ ਮਿੱਲ ਦੇ ਮੁੱਖ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਮੁੱਖ ਇੰਜੀਨੀਅਰ ਸ. ਭਵਦੀਪ ਸਿੰਘ, ਸਹਾਇਕ ਇੰਜੀਨੀਅਰ ਸ. ਪਮਲਪ੍ਰੀਤ ਸਿੰਘ, ਜੂਨੀਅਰ ਇੰਜੀਨੀਅਰ (ਸਿਵਲ) ਸ. ਹਰਸਿਮਰਨ ਸਿੰਘ ਅਤੇ ਖ਼ਰੀਦ ਇੰਚਾਰਜ ਸ. ਤਰਨਵੀਰ ਸਿੰਘ ਸ਼ਾਮਲ ਸਨ। ਮਿੱਲ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਗੰਨੇ ਦੀ ਪੀੜ੍ਹਾਈ ਤੋਂ ਲੈ ਕੇ ਕਰਿਸਟਲਾਈਜ਼ੇਸ਼ਨ ਅਤੇ ਪੈਕੇਜਿੰਗ ਤੱਕ ਦੀ ਚੀਨੀ ਉਤਪਾਦਨ ਪ੍ਰਕਿਰਿਆ ਦੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਉਤਪਾਦਨ ਵਿੱਚ ਵਰਤੇ ਜਾਣ ਵਾਲੇ ਉਪਕਰਣ, ਗੁਣਵੱਤਾ ਨਿਯੰਤਰਣ ਮਾਪਦੰਡ ਅਤੇ ਮਿੱਲ ਵਿੱਚ ਅਪਣਾਏ ਗਏ ਟਿਕਾਊ ਵਿਕਾਸ ਪੱਧਤੀਆਂ ਬਾਰੇ ਵੀ ਵਿਸ਼ਲੇਸ਼ਣ ਕੀਤਾ। ਇਹ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਸਿਧਾਂਤਕ ਗਿਆਨ ਅਤੇ ਉਦਯੋਗਿਕ ਅਭਿਆਸ ਵਿਚਲਾ ਅੰਤਰ ਸਮਝਣ ਵਿੱਚ ਮਦਦ ਮਿਲੀ। ਵਿਦਿਆਰਥੀਆਂ ਦੇ ਉਤਸ਼ਾਹ ਅਤੇ ਜਿਗਿਆਸਾ ਦੀ ਮਿੱਲ ਪ੍ਰਸ਼ਾਸਨ ਵੱਲੋਂ ਖ਼ੂਬ ਸ਼ਲਾਘਾ ਕੀਤੀ ਗਈ। ਅਕਾਦਮਿਕ ਮਾਮਲਿਆਂ ਦੇ ਡੀਨ, ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਇਸ ਉੱਦਮ ਦੀ ਪ੍ਰਸ਼ੰਸਾ ਕਰਦੇ ਹੋਏ ਇਸਨੂੰ ਵਿਦਿਆਰਥੀਆਂ ਦੀ ਵਿਅਹਾਰਿਕ ਸਿੱਖਿਆ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦੱਸਿਆ। ਉਪ-ਕੁਲਪਤੀ, ਡਾ. ਪਰਿਤ ਪਾਲ ਸਿੰਘ ਨੇ ਵਿਭਾਗ ਵੱਲੋਂ ਉਦਯੋਗ-ਕੇਂਦਰਤ ਯਾਤਰਾਵਾਂ ਦੇ ਆਯੋਜਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਦੇ ਭੋਜਨ-ਤਕਨਾਲੋਜਿਸਟਸ ਦੀ ਘੜਤ ਵਿੱਚ ਵਿਅਹਾਰਿਕ ਅਨੁਭਵ ਦੀ ਮਹੱਤਤਾ ਉਤੇ ਜ਼ੋਰ ਦਿੱਤਾ।