ਫਰੀਦਕੋਟ 26 ਅਕਤੂਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਟਕਸਾਲੀ ਆਗੂ, ਜੱਥੇਦਾਰ ਮੱਖਣ ਸਿੰਘ ਨੰਗਲ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਜੱਥੇਦਾਰ ਮੱਖਣ ਦੇ ਗ੍ਰਹਿ ਵਿਖੇ ਪਹੁੰਚ ਕੇ ਮਰਹੂਮ ਲੀਡਰ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਜੱਥੇਦਾਰ ਮੱਖਣ ਸਿੰਘ ਨੂੰ ਹਮੇਸ਼ਾ ਲੋਕ ਪੱਖੀ ਚੁੱਕੀ ਗਈ ਆਵਾਜ਼ ਲਈ ਅਤੇ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਕੰਮਾਂ ਖਾਤਰ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੱਥੇਦਾਰ ਮੱਖਣ ਸਿੰਘ ਇੱਕ ਸੁਹਿਰਦ ਲੀਡਰ ਸਨ, ਜੋ ਕਿ ਆਮ ਲੋਕਾਂ ਦੇ ਕੰਮਾਂ ਨੂੰ ਤਰਜੀਹ ਤੇ ਕਰਵਾਉਣ ਦੇ ਨਾਲ ਨਾਲ ਧਾਰਮਿਕ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਸਨ। ਸਪੀਕਰ ਸੰਧਵਾਂ ਨੇ ਕਿਹਾ ਕਿ ਜੱਥੇਦਾਰ ਮੱਖਣ ਨੇ ਆਪਣੀ ਮਿਹਨਤ ਸਮਝ-ਬੂਝ, ਹਲੀਮੀ ਅਤੇ ਸੰਜੀਦਾ ਢੰਗ ਨਾਲ ਬਹੁਤ ਅਹੁਦਿਆਂ ਤੇ ਬਾਖੂਬੀ ਕੰਮ ਕੀਤਾ। ਇਨ੍ਹਾਂ ਅਹੁਦਿਆਂ ਵਿੱਚ ਮੁੱਖ ਤੌਰ ਤੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਵਜੋਂ ਅਤੇ ਮੈਂਬਰ ਐਸ.ਜੀ.ਪੀ.ਸੀ ਵਜੋਂ ਉਨ੍ਹਾਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।