ਪਾਤੜਾਂ, 7 ਅਪ੍ਰੈਲ : ਪਾਰਲੀਮੈਂਟ ਮੈਂਬਰ ਪ੍ਰਨੀਤ ਕੌਰ ਨੇ ਅੱਜ ਭਰੋਸਾ ਜਤਾਇਆ ਕਿ ਪਟਿਆਲਾ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੱਕੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਅੱਜ ਪਾਤੜਾਂ ਵਿਖੇ ਬੂਥ ਸੰਮੇਲਨ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰਨੀਤ ਕੌਰ ਨੇ ਕਿਹਾ ਮੈਨੂੰ ਪੂਰੇ ਖੇਤਰ ਤੋਂ ਮਿਲ ਰਿਹਾ ਅਥਾਹ ਪਿਆਰ ਅਤੇ ਸਮਰਥਨ ਇਹ ਦਰਸਾਉਂਦਾ ਹੈ ਕਿ ਲੋਕਾਂ ਵਿੱਚ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਵਿਕਾਸ ਕੇਂਦਰਿਤ ਨੀਤੀਆਂ ਪ੍ਰਤੀ ਭਾਰੀ ਸਨਮਾਨ ਹੈ ਅਤੇ ਦੇਸ਼ ਦਾ ਮੂਡ ਬਿਲਕੁਲ ਸਾਫ਼ ਹੈ ਕਿ ਲੋਕਾਂ ਦੇ ਮਨ ਵਿੱਚ ਸਿਰਫ਼ ਇੱਕ ਹੀ ਪਾਰਟੀ ਹੈ ਅਤੇ ਉਹ ਹੈ ਭਾਰਤੀ ਜਨਤਾ ਪਾਰਟੀ। ਉਨ੍ਹਾਂ ਨੇ ਅੱਗੇ ਕਿਹਾ, “ਮੋਦੀ ਸਰਕਾਰ ਦੇ 10 ਸਾਲ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹਨ ਕਿ ਕਿਵੇਂ ਇੱਕ ਲੋਕ ਕੇਂਦਰਿਤ ਸਰਕਾਰ ਚਲਾਈ ਜਾਂਦੀ ਹੈ। ਮੋਦੀ ਜੀ ਨੇ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜੋ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਸਿੱਧਾ ਲਾਭ ਪਹੁੰਚਾ ਰਹੀਆਂ ਹਨ। ‘ਅਬਕੀ ਬਾਰ 400’ ਪਾਰ ਦਾ ਨਾਅਰਾ ਆਉਣ ਵਾਲੀ 4 ਜੂਨ ਨੂੰ ਜ਼ਰੂਰ ਸੱਚ ਹੋਣ ਜਾ ਰਿਹਾ ਹੈ। ਇਸ ਵਾਰ ਪੰਜਾਬ ਦੇ ਲੋਕ ਵੀ ਲੋਕ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾਉਣ ਜਾ ਰਹੇ ਹਨ ਅਤੇ ਮੈਨੂੰ ਯਕੀਨ ਹੈ ਕਿ ਉਹ ਸੂਬੇ ਭਰ ਵਿੱਚ ਭਾਜਪਾ ਦੇ ਨੁਮਾਇੰਦਿਆਂ ਨੂੰ ਵੋਟ ਪਾਉਣਗੇ। ਕਿਸਾਨਾਂ ਦੇ ਵਿਰੋਧ ਦੇ ਸਵਾਲ ‘ਤੇ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਇੱਕ ਲੋਕਤੰਤਰੀ ਸਮਾਜ ਵਿੱਚ ਹਰ ਇੱਕ ਨੂੰ ਵਿਰੋਧ ਕਰਨ ਅਤੇ ਆਪਣੀ ਆਵਾਜ਼ ਚੁੱਕਣ ਦਾ ਅਧਿਕਾਰ ਹੈ। ਸਾਡੇ ਕਿਸਾਨ ਸਾਡੇ ਅੰਨਦਾਤੇ ਹਨ ਅਤੇ ਮੈਂ ਅਤੇ ਮੇਰਾ ਪਰਿਵਾਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਹਮੇਸ਼ਾ ਉਨ੍ਹਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਲਈ ਖੜ੍ਹੇ ਹੋਏ ਹਨ। ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਮੈਂ ਹਮੇਸ਼ਾ ਉਨ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹਾਂਗੀ।