ਮਾਨਸਾ, 19 ਫਰਵਰੀ (ਰਾਜ ਮਾਨਸਾ) : ਅੱਜ ਪਿੰਡ ਮੂਸਾ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਮਿਲਣ ਆਏ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ ਲਈ ਇਸਨਾਫ ਦੀ ਮੰਗ ਕਰਦਿਆਂ ਨੁੰ 10 ਮਹੀਨੇ ਬੀਤ ਗਏ ਹਨ, ਪਰ ਇਨਸਾਫ ਨਹੀਂ ਮਿਲਿਆ, ਉਨ੍ਹਾਂ ਕਿਹਾ ਕਿ ਹੁਣ ਪਰਿਵਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਆਪਣੇ ਪੁੱਤਰ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਅਪ੍ਰੈਲ ਮਹੀਨੇ ਤੋਂ ਪਹਿਲਾਂ ਸੱਦੇ ਢੰਗ ਨਾਲ ਮਨਾਈ ਜਾਵੇ, ਜਿਸ ਤੋਂ ਬਾਅਦ ਉਹ ਥਾਰ ਗੱਡੀ ਜਿਸ ‘ਚ ਸਿੱਧੂ ਨੂੰ ਕਤਲ ਕੀਤਾ ਗਿਆ ਸੀ, ਪੰਜਾਬ ਭਰ ਵਿੱਚ ਲੈ ਕੇ ਜਾਣਗੇ, ਤਾਂ ਜੋ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਸਰਕਾਰ ਅੱਜ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਦਿਵਾ ਸਕੀ। ਬਲਕੌਰ ਸਿੰਘ ਨੇ ਕਿਹਾ ਕਿ ਬੇਸ਼ੱਕ ਮੇਰੇ ਪੁੱਤਰ ਦੀ ਬਰਸੀ ਨਹੀਂ ਮਨਾਉਣੀ ਸੀ ਪਰ ਅੱਜ ਅਜਿਹਾ ਸਮਾਂ ਆ ਗਿਆ ਹੈ ਕਿ ਮੈਨੂੰ ਆਪਣੇ ਪੁੱਤਰ ਦੀ ਬਰਸੀ ਮਨਾਉਣੀ ਪੈ ਰਹੀ ਹੈ। ਬਲਕੌਰ ਸਿੰਘ ਨੇ ਸਿੱਧੂ ਦੇ ਚਹੇਤਿਆਂ ਨੂੰ ਅਪੀਲ ਕੀਤੀ ਕਿ ਸ਼ਾਂਤਮਈ ਢੰਗ ਨਾਲ ਸਿੱਧੂ ਲਈ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸਿੱਧੂ ਦੀ ਮੌਤ ਨੂੰ ਉਸ ਦੇ ਚਹੇਤੇ, ਪਰਿਵਾਰ ਵਾਲੇ ਭੁੱਲ ਜਾਣ ਪਰ ਅਜਿਹਾ ਨਹੀਂ ਹੋ ਸਕਦਾ। ਬਲਕੌਰ ਨੇ ਕਿਹਾ, ‘ਮੈਂ ਆਪਣੇ ਪੁੱਤਰ ਦੀ ‘ਲਾਸਟ ਰਾਈਡ’ ਥਾਰ ਜੀਪ ਥਾਣੇ ਤੋਂ ਘਰ ਲੈ ਆਇਆ ਸੀ ਕਿਉਂਕਿ ਮੈਨੂੰ ਉਸ ‘ਤੇ ਆਪਣਾ ਬੇਟਾ ਸ਼ੁਭਦੀਪ ਬੈਠਾ ਨਜ਼ਰ ਆਉਂਦਾ ਹੈ। ਸਿੱਧੂ ਦੀਆਂ ਗੋਲੀਆਂ ਨਾਲ ਛਲਨੀ ਇਹ ਥਾਰ ਹਮੇਸ਼ਾ ਪੰਜਾਬ ਸਰਕਾਰ ਦੀਆਂ ਅੱਖਾਂ ਵਿੱਚ ਚੁੱਭਦੀ ਰਹੇਗੀ ਅਤੇ ਲੋਕਾਂ ਨੂੰ ਹਮੇਸ਼ਾ ਯਾਦ ਦਿਵਾਉਂਦੀ ਰਹੇਗੀ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮਾਸੂਮ ਪੁੱਤਰ ਨੂੰ ਇਨਸਾਫ਼ ਨਹੀਂ ਦਿਵਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਸਿੱਧੂ ਇਸ ਥਾਰ ਜੀਪ ਵਿੱਚ ਸਵਾਰ ਸੀ, ਇਸ ਲਈ ਉਹ ਇਸ ਥਾਰ ਜੀਪ ਨੂੰ ਉਸ ਦੀ ਲਾਸਟ ਰਾਈਡ ਮੰਨਦੇ ਹਨ। ਉਹ ਆਪਣੇ ਪੁੱਤਰ ਦੇ ਇਨਸਾਫ ਲਈ ਲੜਾਈ ਲੜਦੇ ਹੋਏ ਸਿੱਧੂ ਦੀ ਇਸ ਆਖਰੀ ਸਵਾਰੀ ਨੂੰ ਪੰਜਾਬ ਦੇ ਹਰ ਸ਼ਹਿਰ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਸਿਆਸੀ ਪਾਰਟੀ ਤੋਂ ਕੋਈ ਉਮੀਦ ਨਹੀਂ ਹੈ। ਉਹ ਸਿਆਸੀ ਆਗੂਆਂ ਤੋਂ ਦੂਰ ਰਹਿਣਾ ਚਾਹੁੰਦੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਫੜੇ ਗਏ ਗੈਂਗਸਟਰਾਂ ਨੂੰ ਇੱਕ ਮੇਜ਼ ‘ਤੇ ਬਿਠਾ ਕੇ ਪੁੱਛਿਆ ਜਾਵੇ ਕਿ ਉਹ ਬੇਕਸੂਰ ਲੋਕਾਂ ਨੂੰ ਕਿਉਂ ਮਾਰਦੇ ਹਨ। ਜਦੋਂ ਕੋਈ ਆਗੂ ਮਾਰਿਆ ਜਾਂਦਾ ਹੈ ਤਾਂ ਸਾਰੇ ਸਾਜ਼ਿਸ਼ਕਰਤਾ ਤੁਰੰਤ ਫੜੇ ਜਾਂਦੇ ਹਨ ਪਰ ਸਿੱਧੂ ਮੂਸੇਵਾਲਾ ਦੇ ਕਾਤਲ ਅਜੇ ਵੀ ਆਜ਼ਾਦ ਘੁੰਮ ਰਹੇ ਹਨ। ਸਰਕਾਰ ਵਿੱਚ ਬੈਠੇ ਲੋਕਾਂ ਨੂੰ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਣਾ ਚਾਹੀਦਾ ਹੈ। ਜਦੋਂ ਤੱਕ ਸਰਕਾਰਾਂ ਗੈਂਗਸਟਰਾਂ, ਲੀਡਰਾਂ ਅਤੇ ਜਨਤਾ ਨੂੰ ਇੱਕ ਅੱਖ ਨਾਲ ਨਹੀਂ ਦੇਖਦੀਆਂ, ਲੋਕਾਂ ਦਾ ਸਰਕਾਰ ਵਿੱਚ ਵਿਸ਼ਵਾਸ ਨਹੀਂ ਬਣੇਗਾ। ਬਲਕੌਰ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਕਤਲੇਆਮ ਵਿੱਚ 36 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲ ਇੰਨਾ ਨਕਦ ਪੈਸਾ ਕਿੱਥੋਂ ਆਇਆ ਅਤੇ ਇਨ੍ਹਾਂ ਲੋਕਾਂ ਤੱਕ ਕਿਵੇਂ ਪਹੁੰਚਿਆ ? ਪੁਲਿਸ ਅੱਜ ਤੱਕ ਇਸ ਦਾ ਜਵਾਬ ਨਹੀਂ ਦੇ ਸਕੀ। ਸਾਰੀਆਂ ਸੁਰੱਖਿਆ ਏਜੰਸੀਆਂ ਬੁਰੀ ਤਰ੍ਹਾਂ ਫੇਲ ਹੋਈਆਂ ਹਨ।