ਸੰਗਰੂਰ, 11 ਮਾਰਚ : ਆਜਾਦੀ ਘੁਲਾਟੀਏ ਪਰਿਵਾਰਾਂ ਦੀ ਸੰਸਥਾ ਫਰੀਡਮ ਫਾਈਟਰ ਸਕਸੈਸਰਜ਼ ਆਰਗੇਨਾਈਜੇਸ਼ਨ (196) ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੰਨਵਾਉਣ ਲਈ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਪਰ ਮੌਕੇ ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 31 ਮਾਰਚ ਨੂੰ ਚੰਡੀਗੜ੍ਹ ਵਿਖੇ ਜਥੇਬੰਦੀ ਦੇ ਵਫਦ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਦੌਰਾਨ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਜਦੋਂ ਫਰੀਡਮ ਫਾਈਟਰ ਪਰਿਵਾਰ ਸੀਐਮ ਦੀ ਕੋਠੀ ਵੱਲ ਵੱਧ ਰਹੇ ਸਨ ਤਾਂ ਮੌਕੇ 'ਤੇ ਮੌਜੂਦ ਪੁਲਿਸ ਪ੍ਰਸ਼ਾਸਨ ਨਾਲ ਗਰਮਾ-ਗਰਮੀ ਦਾ ਮਾਹੌਲ ਵੀ ਬਣਿਆ ਪਰ ਪ੍ਰਸ਼ਾਸਨ ਨੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਥੇਬੰਦੀ ਦੇ ਆਗੂਆਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਬਣੇ ਨੂੰ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਫਰੀਡਮ ਫਾਈਟਰ ਪਰਿਵਾਰਾਂ ਨੂੰ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਸੰਸਥਾ ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਬਾਰੇ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਿਆ ਪਰ ਕੋਈ ਲਾਭ ਨਹੀਂ ਹੋਇਆ। ਸਰਕਾਰ ਵੱਲੋਂ ਪਿਛਲੇ ਦਿਨੀਂ ਕੱਢੀਆਂ ਗਈਆਂ ਸਰਕਾਰੀ ਨੌਕਰੀਆਂ ਵਿੱਚ ਸਾਡਾ ਬਣਦਾ ਕੋਟਾ ਵੀ ਨਹੀਂ ਦਿੱਤਾ ਗਿਆ, ਜਿਸਦੇ ਰੋਸ ਵਜੋਂ ਫਰੀਡਮ ਫਾਈਟਰ ਪਰਿਵਾਰ ਆਪਣੇ ਹੱਕ ਲੈਣ ਲਈ ਧਰਨਾ ਲਾਉਣ ਨੂੰ ਮਜਬੂਰ ਹੋਏ ਹਨ। ਆਗੂਆਂ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਰੀਡਮ ਫਾਈਟਰ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਕੱਢੀਆਂ ਗਈਆਂ ਪਟਵਾਰੀਆਂ, ਬਿਜਲੀ ਮੁਲਾਜ਼ਮਾਂ, ਆਂਗਣਵਾੜੀ ਅਤੇ ਨਗਰ ਨਿਗਮ ਦੀਆਂ ਪੋਸਟਾਂ ਵਿੱਚ ਪਹਿਲਾਂ ਦੀ ਤਰ੍ਹਾਂ 5 ਫੀਸਦੀ ਕੋਟਾ ਲਾਗੂ ਕਰਕੇ ਪੋਸਟਾਂ ਦਾ ਨੋਟੀਫਿਕੇਸ਼ਨ ਮੁੜ ਜਾਰੀ ਕੀਤਾ ਜਾਵੇ,ਸਰਕਾਰ ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਨੂੰ ਤਿੰਨ ਪੀੜੀਆਂ ਤੱਕ ਹੀ ਮਾਨਤਾ ਦਿੰਦੀ ਹੈ, ਜਦੋਂਕਿ ਸਾਡੀ ਮੰਗ ਚੌਥੀ ਪੀੜ੍ਹੀ ਤੱਕ ਮਾਨਤਾ ਦੇਣ ਦੀ ਹੈ, ਕਿਉਂਕਿ ਫਰੀਡਮ ਫਾਈਟਰਾਂ ਦੀ ਤੀਜੀ ਪੀੜ੍ਹੀ ਜਿਆਦਾਤਰ ਉਮਰ ਦਰਾਜ ਹੋ ਚੁੱਕੀ ਹੈ,ਫਰੀਡਮ ਫਾਈਟਰ ਪਰਿਵਾਰਾਂ ਨੂੰ ਉੱਤਰਾਖੰਡ ਸਰਕਾਰ ਦੀ ਤਰਜ 'ਤੇ ਸਨਮਾਨਯੋਗ ਪੈਨਸ਼ਨ ਲਾਈ ਜਾਵੇ,ਪੁੱਡਾ ਅਤੇ ਗਮਾਡਾ ਵੱਲੋਂ ਕੱਢੇ ਜਾ ਰਹੇ ਪਲਾਟਾਂ ਵਿੱਚ ਸਰਕਾਰ ਵੱਲੋਂ ਸਿਰਫ ਫਰੀਡਮ ਫਾਈਟਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਜਦੋਂਕਿ ਸਾਡੀ ਮੰਗ ਫਰੀਡਮ ਫਾਈਟਰ ਪਰਿਵਾਰਾਂ ਨੂੰ ਵੀ ਇਹ ਲਾਭ ਦੇਣ ਦੀ ਹੈ, ਕਿਉਂਕਿ ਫਰੀਡਮ ਫਾਈਟਰਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ। ਇਸ ਲਈ ਇਸਦਾ ਲਾਭ ਪਰਿਵਾਰਾਂ ਨੂੰ ਵੀ ਦਿੱਤਾ ਜਾਵੇ। ਧਰਨੇ ਨੂੰ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ, ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਸੂਬਾ ਖਜਾਨਚੀ ਭਰਪੂਰ ਸਿੰਘ ਮਾਨਸਾ, ਸਟੇਟ ਬਾਡੀ ਮੈਂਬਰ ਰਵਿੰਦਰ ਸਿੰਘ ਬਠਿੰਡਾ, ਨਾਜਮ ਸਿੰਘ ਮੁਕਤਸਰ, ਰਾਮ ਸਿੰਘ ਮਿੱਡਾ, ਭੁਪਿੰਦਰ ਸਿੰਘ ਮਾਨਸਾ, ਅਵਤਾਰ ਸਿੰਘ ਰਾਏਕੋਟ, ਬਲਵਿੰਦਰ ਸਿੰਘ ਮੁੱਖ ਬੁਲਾਰਾ, ਦਲਜੀਤ ਸਿੰਘ ਸੇਖੋਂ ਮੁੱਖ ਬੁਲਾਰਾ, ਦਸਵੀਰ ਸਿੰਘ ਡੱਲੀ ਸਲਾਹਕਾਰ, ਨਿਰਮਲ ਸਿੰਘ ਪ੍ਰਧਾਨ ਮੁਕਤਸਰ, ਮਲਕੀਤ ਸਿੰਘ ਪ੍ਰਧਾਨ ਬਰਨਾਲਾ, ਜਗਦੀਪ ਸਿੰਘ ਪ੍ਰਧਾਨ ਪਟਿਆਲਾ, ਨਿਰਭੈ ਸਿੰਘ ਪ੍ਰਧਾਨ ਬਠਿੰਡਾ, ਸਾਧੂ ਸਿੰਘ ਪ੍ਰਧਾਨ ਮਾਨਸਾ, ਬਲਦੇਵ ਸਿੰਘ ਪ੍ਰਧਾਨ ਫਰੀਦਕੋਟ, ਅਵਤਾਰ ਸਿੰਘ ਪ੍ਰਧਾਨ ਮੋਗਾ, ਅਵਤਾਰ ਸਿੰਘ ਪ੍ਰਧਾਨ ਹੁਸ਼ਿਆਰਪੁਰ, ਰਾਮਪਾਲ ਸਿੰਘ ਪ੍ਰਧਾਨ ਅਮਿ੍ੰਤਸਰ, ਜੋਗਿੰਦਰ ਸਿੰਘ ਪ੍ਰਧਾਨ ਸੰਗਰੂਰ ਨੇ ਸੰਬੋਧਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਸਕੱਤਰ ਬਰਨਾਲਾ, ਕਰਮਜੀਤ ਸਿੰਘ ਖਜਾਨਚੀ ਜ਼ਿਲ੍ਹਾ ਸੰਗਰੂਰ, ਸਕੱਤਰ ਸਿੰਘ ਤਰਨਤਾਰਨ, ਸੁਖਵਿੰਦਰ ਸਿੰਘ ਭੋਲਾ ਬਡਰੁੱਖਾਂ, ਜਸਵਿੰਦਰ ਕੌਰ ਧਨੌਲਾ, ਰਾਜਪਾਲ ਕੌਰ ਬਰਨਾਲਾ, ਕਮਲ ਸਿੰਘ ਗੰਡੇਵਾਲਾ ਸਮੇਤ ਵੱਡੀ ਗਿਣਤੀ ਵਿੱਚ ਆਜਾਦੀ ਘੁਲਾਟੀਏ ਪਰਿਵਾਰ ਹਾਜਰ ਸਨ।