ਮਾਨਸਾ, 12 ਫਰਵਰੀ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸ਼ਕ ਹਰ ਐਤਵਾਰ ਵੱਡੀ ਗਿਣਤੀ ‘ਚ ਉਨ੍ਹਾਂ ਦੇ ਗ੍ਰਹਿ ਪਿੰਡ ਮੂਸਾ ਵਿਖੇ ਪੁੱਜ ਕੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਦੇ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹਨ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੀਤੇ ਨੂੰ ਤਕਰੀਬਨ 10 ਮਹੀਨੇ ਦੇ ਕਰੀਬ ਹੋ ਗਿਆ ਹੈ, ਪਰ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਆਪਣੇ ਪੁੱਤ ਦੀ ਮੌਤ ਲਈ ਸਰਕਾਰ ਤੋਂ ਹਮੇਸ਼ਾਂ ਮੰਗ ਕੀਤੀ ਜਾਂਦੀ ਹੈ। ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਤਕਰੀਬਨ 10 ਮਹੀਨੇ ਹੋ ਗਿਆ ਹੈ, ਪਰ ਅੱਜ ਤੱਕ ਸਿੱਧੂ ਦੇ ਕਾਤਲਾਂ ਨੂੰ ਸਜਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਉਸ ਵਿਅਕਤੀ ਤੋਂ ਵੀ ਕੋਈ ਪੁੱਛਗਿੱਛ ਨਹੀਂ ਕੀਤੀ ਜਿਸ ਨੇ ਸੁਰੱਖਿਆ ਲੀਕ ਕੀਤੀ ਸੀ। ਬਲਕੌਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਵਧੀਆ ਹੈ, ਫਿਰ ਤੁਸੀਂ ਆਪਣੀ ਪਤਨੀ ਦੀ ਸੁਰੱਖਿਆ ‘ਚ ਵਾਧਾ ਕਰਦੇ ਹੋਏ 40 ਸੁਰੱਖਿਆ ਕਰਮੀ ਕਿਉਂ ਦਿੱਤੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜਾ ਜਲਦੀ ਨਾ ਦਿੱਤੀ ਤਾਂ ਉਹ ਸਿੱਧੂ ਦੀ ਉਹ ਥਾਰ, ਜਿਸ ਵਿੱਚ ਉਸਨੂੰ ਕਤਲ ਕਰ ਦਿੱਤਾ ਗਿਆ ਸੀ, ਨੂੰ ਲੈ ਕੇ ਸੜਕਾਂ ਤੇ ਆਉਣਗੇ ਅਤੇ ਸਿੱਧੂ ਦੀਆਂ ਉਹ ਤਸਵੀਰਾਂ ਲਗਾਉਣਗੇ, ਜਿਸ ਵਿੱਚ ਉਸਦਾ ਗੋਲੀਆਂ ਨਾਲ ਛੱਲਣੀ ਕੀਤਾ ਸਰੀਰ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਹੌਲ ਦੇ ਕਾਰਨ ਹੀ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ।