ਫ਼ਤਹਿਗੜ ਸਾਹਿਬ, 12 ਅਕਤੂਬਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਸ਼੍ਰੀ ਅਰੁਣ ਗੁਪਤਾ ਦੀ ਅਗਵਾਈ ਹੇਠ ਅਥਾਰਟੀ ਦੀ ਸਕੱਤਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਸਕੂਲੀ ਬੱਚਿਆਂ ਨਾਲ ਬ੍ਰਿਧ ਆਸ਼ਰਮ ਦਾ ਦੌਰਾ ਕੀਤਾ ਅਤੇ ਸਕੂਲੀ ਬੱਚਿਆਂ ਨੂੰ ਬਜੁਰਗਾਂ ਦੀ ਸਮਾਜ ਨਿਰਮਾਣ ਵਿੱਚ ਭਾਗੀਦਾਰੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ ਅਤੇ ਸਾਨੂੰ ਉਨ੍ਹਾਂ ਦੇ ਲੰਮੇ ਤਜ਼ਰਬਿਆਂ ਤੋਂ ਸੇਧ ਲੈਣੀ ਚਾਹੀਦੀ ਹੈ। ਮਨਪ੍ਰੀਤ ਕੌਰ ਨੇ ਬ੍ਰਿਧ ਆਸ਼ਰਮ ਵਿਖੇ ਰਹਿੰਦੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਕੂਲੀ ਬੱਚਿਆਂ ਨੂੰ ਬਜੁਰਗਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਪਰਿਵਾਰ ਵਿੱਚ ਬਜੁਰਗ ਸਭ ਤੋਂ ਅਹਿਮ ਕੜੀ ਹੁੰਦੇ ਹਨ ਅਤੇ ਸਾਨੂੰ ਹਮੇਸ਼ਾਂ ਬਜੁਰਗਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨਾਲ ਬਜੁਰਗਾਂ ਨੂੰ ਮਿਲਾਉਂਦਿਆਂ ਕਿਹਾ ਕਿ ਅਜਿਹੇ ਮੌਕੇ ਬਜੁਰਗਾਂ ਅੰਦਰ ਜੋਸ਼ ਭਰਦੇ ਹਨ ਅਤੇ ਉਹ ਬਜੁਰਗ ਜੋ ਕਿਸੇ ਕਾਰਨ ਆਪਣੇ ਬੱਚਿਆਂ ਤੋਂ ਦੂਰ ਰਹਿ ਰਹੇ ਹਨ ਨੂੰ ਆਪਦੇ ਬੱਚਿਆ ਦੇ ਪਿਆਰ ਦਾ ਅਨੁਭਵ ਹੁੰਦਾ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਬਜੁਰਗਾਂ ਨੂੰ ਕਿਹਾ ਕਿ ਕਿਸੇ ਵੀ ਕਿਸਮ ਦੀ ਸਮੱਸਿਆ ਆਉਣ ਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ੳਨ੍ਹਾਂ ਨੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੀਨੀਅਰ ਸਿਟੀਜ਼ਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ।