- ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੋਲ ਉਠਾਉਣ ਦਾ ਐਲਾਨ ਕੀਤਾ
ਲੁਧਿਆਣਾ, 12 ਫਰਵਰੀ : ਲੁਧਿਆਣਾ ਤੋਂ ਆਮ ਆਦਮੀ ਪਾਰਟੀ (ਰਾਜ ਸਭਾ) ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਅੱਜ ਐਲਾਨ ਕੀਤਾ ਕਿ ਉਹ ਲੁਧਿਆਣਾ ਵਿੱਚ ਇੱਕ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਦੀ ਪਹਿਲਕਦਮੀ ਕਰਨਗੇ, ਜੋ ਕਿ ਸੂਬੇ ਦਾ ਉਦਯੋਗਿਕ ਹੱਬ ਹੈ। ਲੁਧਿਆਣਾ ਦਾ ਵਪਾਰ ਅਤੇ ਉਦਯੋਗ ਸਾਲਾਂ ਤੋਂ ਇਹ ਮੰਗ ਉਠਾਉਂਦਾ ਆ ਰਿਹਾ ਹੈ। ਅਰੋੜਾ ਨੇ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਚੱਲ ਰਹੇ ਚਾਰ ਰੋਜ਼ਾ ‘ਗਮਸਾ’ ਐਕਸਪੋ ਦੇ ਪ੍ਰਬੰਧਕਾਂ ਨੇ ਲੁਧਿਆਣਾ ਵਿੱਚ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਦੀ ਮੰਗ ਉਠਾਈ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਲਈ 20 ਏਕੜ ਜ਼ਮੀਨ ਦੀ ਲੋੜ ਹੋਵੇਗੀ। ਇਸ ਦੇ ਜਵਾਬ ਵਿੱਚ ਅਰੋੜਾ ਨੇ ਪ੍ਰਬੰਧਕਾਂ ਨੂੰ ਲਿਖਤੀ ਰੂਪ ਵਿੱਚ ਸਭ ਕੁਝ ਮੁਹੱਈਆ ਕਰਵਾਉਣ ਲਈ ਕਿਹਾ। ਅਰੋੜਾ ਨੇ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਅਤੇ ਉਦਯੋਗ ਮੰਤਰੀ ਪੰਜਾਬ ਕੋਲ ਅਤੇ ਹਰ ਸੰਭਵ ਫੋਰਮਾਂ 'ਤੇ ਉਠਾਉਣਗੇ। ਉਨ੍ਹਾਂ ਕਿਹਾ ਕਿ ਪਹਿਲਾ ਕੰਮ ਪ੍ਰਦਰਸ਼ਨੀ ਕੇਂਦਰ ਲਈ ਜ਼ਮੀਨ ਦੀ ਪਛਾਣ ਕਰਨਾ ਹੋਵੇਗਾ ਅਤੇ ਲੁਧਿਆਣਾ ਵਿੱਚ 20 ਏਕੜ ਜ਼ਮੀਨ ਲੱਭਣਾ ਔਖਾ ਕੰਮ ਹੋਵੇਗਾ। ਉਨ੍ਹਾਂ ਕਿਹਾ, "ਹਾਲਾਂਕਿ, ਮੈਂ ਮਿਉਂਸਪਲ ਸੀਮਾਵਾਂ ਦੇ ਨੇੜੇ ਜ਼ਮੀਨ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਾਂਗਾ, ਜੇਕਰ ਇਹ ਮਿਉਂਸਪਲ ਸੀਮਾਵਾਂ ਦੇ ਅੰਦਰ ਉਪਲਬਧ ਨਹੀਂ ਹੈ।" ਅਰੋੜਾ ਨੇ 'ਗਮਸਾ' ਐਕਸਪੋ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਦਾ ਆਯੋਜਨ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਦੀ ਤਰਜ਼ 'ਤੇ ਅਤੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਹੋਣ ਵਾਲੀਆਂ ਪ੍ਰਦਰਸ਼ਨੀਆਂ ਵਾਂਗ ਬਹੁਤ ਹੀ ਪੇਸ਼ੇਵਰ ਢੰਗ ਨਾਲ ਕੀਤਾ ਗਿਆ ਹੈ। ਅਰੋੜਾ ਨੇ ਅੱਜ ‘ਗਮਸਾ’ ਐਕਸਪੋ ਦੇ ਤੀਜੇ ਦਿਨ ਦੌਰਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਵਿੱਚ ਸਾਈਕਲ ਟਰੈਕ ਬਣਾਉਣ ਦਾ ਮਾਮਲਾ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਅਤੇ ਐਨਐਚਏਆਈ ਦੇ ਚੇਅਰਮੈਨ ਕੋਲ ਉਠਾਉਣਗੇ। ਅਰੋੜਾ ਨੇ ਹੁਣ ਤੱਕ ਸ਼ਹਿਰ ਦੇ ਕੁਝ ਪੈਂਡਿੰਗ ਕੰਮਾਂ ਨੂੰ ਜਲਦੀ ਪੂਰਾ ਕਰਨ ਦੇ ਮਾਮਲੇ ਉਠਾਏ ਹਨ ਤਾਂ ਜੋ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਪੱਸ਼ਟ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਉਦਯੋਗਿਕ ਖੇਤਰ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਦਰਾਂ ਵਿੱਚ ਵਾਧਾ ਨਾ ਕਰਕੇ ਉਦਯੋਗਾਂ ਨੂੰ ਵੱਡੀ ਰਾਹਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ। 'ਗਮਸਾ' ਐਕਸਪੋ ਦਾਣਾ ਮੰਡੀ, ਬਹਾਦਰਕੇ ਰੋਡ, ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਲਗਭਗ 250 ਕੰਪਨੀਆਂ ਹਿੱਸਾ ਲੈ ਰਹੀਆਂ ਹਨ ਅਤੇ ਲਗਭਗ 3,000 ਉਤਪਾਦਾਂ ਅਤੇ ਸੇਵਾਵਾਂ ਜਿਵੇਂ ਕਿ ਤਕਨਾਲੋਜੀ, ਬੁਣਾਈ ਆਦਿ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਐਕਸਪੋ ਦਾ ਆਯੋਜਨ ਗਾਰਮੈਂਟਸ ਮਸ਼ੀਨਰੀ ਮੈਨੂਫੈਕਚਰਰਜ਼ ਐਂਡ ਸਪਲਾਇਰ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ।