ਪਟਿਆਲਾ 5 ਜੂਨ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਜ਼ੁਬਾਨੀ ਰੋਕ ਲਗਾ ਦਿੱਤੀ ਗਈ ਹੈ। ਅੱਜ ਚਾਰ ਜੂਨ ਹੋਣ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਖੀਸੇ ਖਾਲੀ ਹਨ । ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨਿਆਂ ਵਿੱਚ ਵੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਦਾ ਦਸ ਬਾਰਾਂ ਤਾਰੀਕਾਂ ਤੱਕ ਅੱਪੜ ਦੀਆਂ ਕੀਤੀਆਂ ਗਈਆਂ ਸਨ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਕਿਸੇ ਵੀ ਚੀਜ਼ ਲਈ ਕਿਸੇ ਵੀ ਬੰਦੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਏਗੀ। ਪਰ ਤਨਖਾਹਾਂ ਨਾ ਮਿਲਣ ਕਰਕੇ ਮੁਲਾਜ਼ਮ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦੇ ਰੋਂਅ ਵਿੱਚ ਹਨ।ਪੰਜਾਬ ਸਰਕਾਰ ਵੱਲੋਂ ਆਪਣੇ ਖਰਚੇ ਚਲਾਉਣ ਲਈ ਕਰੋੜਾਂ ਰੁਪਏ ਦੇ ਕਰਜੇ ਲਏ ਜਾ ਰਹੇ ਹਨ ਪਰ ਮੁਲਾਜ਼ਮਾਂ ਨੂੰ ਤਨਖਾਹ ਦੇਣ ਲੱਗੇ ਖਜ਼ਾਨੇ ਖਾਲੀ ਹਨ। ਇਸ ਸਮੇਂ ਹਰਪ੍ਰੀਤ ਸਿੰਘ ਉੱਪਲ , ਹਿੰਮਤ ਸਿੰਘ ਖੋਖ,ਕੰਵਲ ਨੈਨ ਸਮਾਣਾ, ਭੁਪਿੰਦਰ ਸਿੰਘ ਕੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਰਕੇ ਲੋਕ ਸਭਾ ਚੋਣਾਂ ਵਿੱਚ ਸਰਕਾਰ ਨੂੰ ਮੁਲਾਜ਼ਮਾਂ ਨੇ ਸ਼ੀਸ਼ਾ ਦਿਖਾ ਦਿੱਤਾ ਹੈ ਜੇਕਰ ਇਸੇ ਤਰ੍ਹਾਂ ਸਰਕਾਰ ਦਾ ਮੁਲਾਜ਼ਮਾ ਪ੍ਰਤੀ ਵਤੀਰਾ ਰਿਹਾ ਤਾਂ ਆਉਂਦੇ ਦਿਨਾਂ ਵਿੱਚ ਵੱਡੇ ਪੱਧਰ ਤੇ ਸਰਕਾਰ ਖਿਲਾਫ ਸੰਘਰਸ਼ ਵਿੱਢੇ ਜਾਣਗੇ। ਇਸ ਸਮੇਂ ਸਾਥੀ ਦੀਦਾਰ ਸਿੰਘ ਪਟਿਆਲਾ,ਹਰਦੀਪ ਸਿੰਘ ਪਟਿਆਲਾ, ਮਨਦੀਪ ਸਿੰਘ ਕਾਲੇਕੇ, ਜਗਪ੍ਰੀਤ ਸਿੰਘ ਭਾਟੀਆ, ਨਿਰਭੈ ਸਿੰਘ ਘਨੋਰ, ਸ਼ਿਵਪ੍ਰੀਤ ਸਿੰਘ,ਟਹਿਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।