ਰਾਏਕੋਟ, 16 ਫਰਵਰੀ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿਖੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਦੇ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਿਸ਼ਤੇਦਾਰ ਤਰਲੋਕ ਸਿੰਘ ਤੂਰ ਨੂੰ ਇੱਕ ਮੰਗ ਪੱਤਰ ਦੇ ਕੇ ਪਿੰਡ ਵਿੱਚ ਕਰਵਾਏ ਜਾਣ ਵਾਲੇ ਕੁਝ ਕੰਮਾਂ ਸਬੰਧੀ ਮੰਗ ਕੀਤੀ ਗਈ। ਜਿਕਰਯੋਗ ਹੈ ਕਿ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਮੁੱਖ ਮੰਤਰੀ ਦੇ ਰਿਸ਼ਤੇਦਾਰ (ਜੀਜਾ ਜੀ) ਪਿੰਡ ਵਿੱਚ ਕਰਵਾਏ ਜਾ ਰਹੇ ਸਲਾਨਾ ਖੇਡ ਮੇਲੇ ’ਤੇ ਮੁੱਖ ਮਹਿਮਾਨ ਵਜ਼ੋਂ ਪੁੱਜੇ ਹੋਏ ਸਨ। ਮੰਗ ਪੱਤਰ ਰਾਂਹੀ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਗਈ ਕਿ ਪਿੰਡ ਵਿਚਲੇ ਛੱਪੜ ਦੇ ਪਾਣੀ ਦੀ ਸਹੀ ਨਿਕਾਸੀ, ਪਿੰਡ ਦੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਨ ਦੀ ਮੰਗ ਸਮੇਤ ਪਿੰਡ ਨਾਲ ਸਬੰਧਤ ਹੋਰ ਕਈ ਮੰਗਾਂ ਸ਼ਾਮਲ ਸਨ। ਜਿਸ ਨੂੰ ਪ੍ਰਵਾਨ ਕਰਦੇ ਹੋਏ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਤਰਲੋਕ ਸਿੰਘ ਤੂਰ ਨੇ ਐਲਾਨ ਕੀਤਾ ਕਿ ਪਿੰਡ ਵਿੱਚਲੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਨ ਲਈ ਉਹ ਪਿੰਡ ਵਿੱਚ ਮੁਹੱਲਾ ਕਲੀਨਿਕ ਬਣਾਉਣ ਦੀ ਤਜਵੀਜ਼ ਸਰਕਾਰ ਨੂੰ ਭੇਜਣਗੇ, ਇਸ ਦੇ ਨਾਲ ਹੀ ਪਿੰਡ ਵਿੱਚ ਇੱਕ ਲਾਇਬ੍ਰੇਰੀ ਦੀ ਉਸਾਰੀ ਵੀ ਕਰਵਾਈ ਜਾਵੇਗੀ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਦੀ ਅਗਵਾਈ ’ਚ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਤਰਲੋਕ ਸਿੰਘ ਤੂਰ ਸਮੇਤ ਹੋਰ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਕਮਲ ਸੁਖਾਣਾ ਪੀ.ਏ, ਪੰਨੂ ਕਾਤਰੋਂ, ਬਲਵਿੰਦਰ ਸਿੰਘ ਯੂਕੇ, ਸੰਦੀਪ ਸਿੰਘ ਸਰਪੰਚ, ਡਿੱਪੀ ਧਾਲੀਵਾਲ, ਗੁਰਪ੍ਰੀਤ ਸਿੰਘ ਗੋਰੂ ਕੈਨੇਡਾ ਤੋਂ ਇਲਾਵਾ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।