- ਲੋਕਾਂ ਨੂੰ ਆਵਾਜਾਈ ਨੇਮਾਂ ਦੀ ਪਾਲਣਾ ਲਾਜਮੀ ਕਰਨ ਦੀ ਅਪੀਲ
- ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਸੜਕ ਸੁਰੱਖਿਆ ਸਲਾਹਕਾਰ ਕਮੇਟੀ ਦੀ ਬੈਠਕ
ਪਟਿਆਲਾ, 16 ਸਤੰਬਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਪਟਿਆਲਾ ਵਿਖੇ ਸੁਰੱਖਿਅਤ ਸੜਕੀ ਆਵਾਜਾਈ ਲਈ ਪਹਿਲਾਂ ਸ਼ੁਰੂ ਕੀਤੇ ਗਏ ਜ਼ੀਰੋ ਟਾਲਰੈਂਸ ਜ਼ੋਨਾਂ ਦੇ ਨਾਲ-ਨਾਲ ਹੁਣ ਜ਼ੀਰੋ ਟਾਲਰੈਂਸ ਫੁਟਪਾਥ ਬਣਾਏ ਜਾਣਗੇ ਅਤੇ ਇੱਥੇ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਪਾਲਣ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ੀਰੋ ਟਾਲਰੈਂਸ ਜ਼ੋਨ ਤੇ ਅਜਿਹੇ ਹੀ ਜ਼ੀਰੋ ਟਾਲਰੈਂਸ ਫੁਟਪਾਥ ਬਣਾਉਣ ਪਿੱਛੇ ਜ਼ਿਲ੍ਹਾ ਪ੍ਰਸ਼ਾਸਨ ਦਾ ਮਕਸਦ ਹੈ ਕਿ ਘਟੋ-ਘੱਟ ਕੁਝ ਅਜਿਹੀਆਂ ਖਾਸ ਥਾਵਾਂ ਵਿਖੇ ਤਾਂ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਿਯਮਾਂ ਦਾ ਪਾਠ ਸਿਖਾਇਆ ਜਾਵੇ ਤਾਂ ਕਿ ਉਹ ਅੱਗੇ ਤੋਂ ਅਜਿਹਾ ਨਾ ਕਰਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਸੜਕਾਂ ਨੂੰ ਹਾਦਸਾ ਮੁਕਤ ਬਣਾਉਣ ਲਈ ਆਵਾਜਾਈ ਨੇਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਂਈ ਜਾਵੇ ਤਾਂ ਕਿ ਕੀਮਤੀ ਮਨੁੱਖੀ ਜਾਨਾਂ ਅਜਾਂਈ ਨਾ ਜਾਣ। ਉਨ੍ਹਾਂ ਨੇ ਰਾਈਟ ਟੂ ਵਾਕ ਪਾਲਿਸੀ ਉਤੇ ਵੀ ਚਰਚਾ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਸੁਰੱਖਿਅਤ ਆਵਾਜਾਈ ਲਈ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਸੜਕਾਂ 'ਤੇ ਗ਼ੈਰ ਕਾਨੂੰਨੀ ਸਪੀਡ ਬਰੇਕਰ ਨਾ ਬਣਾਉਣ, ਦੁਕਾਨਾਂ ਤੇ ਹੋਰ ਅਦਾਰਿਆਂ ਦੇ ਫਲੈਕਸ ਬੋਰਡ ਸੜਕਾਂ ਉਤੇ ਨਾ ਰੱਖਣ, ਘਰਾਂ ਦੀ ਉਸਾਰੀ ਤੇ ਹੋਰ ਮੁਰੰਮਤ ਕਾਰਜ ਕਰਵਾ ਰਹੇ ਲੋਕਾਂ ਵੱਲੋਂ ਉਸਾਰੀ ਮੈਟੀਰੀਅਲ ਸੜਕਾਂ ਉਤੇ ਰੱਖੇ ਜਾਣ ਬਾਬਤ ਕਾਰਵਾਈ ਕਰਨ ਲਈ ਨਗਰ ਨਿਗਮ ਨੂੰ ਆਦੇਸ਼ ਜਾਰੀ ਕੀਤੇ। ਮੀਟਿੰਗ 'ਚ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮਨੀਸ਼ਾ ਰਾਣਾ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਜ) ਮਨਪ੍ਰੀਤ ਕੌਰ, ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਬਰਾੜ, ਟ੍ਰੈਫਿਕ ਇੰਚਾਰਜ ਇੰਸਪੈਕਟਰ ਪ੍ਰੀਤਇੰਦਰ ਸਿੰਘ, ਪਟਿਆਲਾ ਫਾਊਂਡੇਸ਼ਨ ਤੋਂ ਰਵੀ ਆਹਲੂਵਾਲੀਆ, ਲੋਕ ਨਿਰਮਾਣ ਦੇ ਕਾਰਜਕਾਰੀ ਇੰਜੀਨੀਅਰਜ਼, ਜ਼ਿਲ੍ਹਾ ਸਿੱਖਿਆ ਅਫ਼ਸਰ, ਈ.ਓਜ਼ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।