ਮੁੱਲਾਂਪੁਰ ਦਾਖਾ 31,ਮਾਰਚ (ਸਤਵਿੰਦਰ ਸਿੰਘ ਗਿੱਲ) : ਥਾਣਾ ਦਾਖਾ ਦੀ ਪੁਲਿਸ ਨੇ ਫਾਸਟ ਫੂਡ ਦਾ ਕੰਮ ਕਰਦੇ ਦੋ ਭਰਾਂਵਾਂ ਕੋਲੋਂ ਨਗਦੀ ਅਤੇ ਮੋਬਾਈਲ ਫੋਨ ਖੋਹਣ ਵਾਲੇ ਤਿੰਨ ਨੌਜਵਾਨਾਂ ਵਿੱਚੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦਕਿ ਉਹਨਾਂ ਦੇ ਫਰਾਰ ਹੋਏ ਤੀਜੇ ਸਾਥੀ ਦੀ ਭਾਲ ਜਾਰੀ ਹੈ। ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ. ਕੁਲਦੀਪ ਸਿੰਘ ਅਨੁਸਾਰ ਰਜਕ ਆਲਮ ਪੁੱਤਰ ਮੁਹੰਮਦ ਅਨਾਰ ਵਾਸੀ ਡਾਗੀ ਬਸਤੀ ਬੁਧਨੀ ਕਿਸ਼ਨਗੰਜ (ਬਿਹਾਰ) ਹਾਲ ਵਾਸੀ ਹੰਮੂ ਪੱਤੀ ਪਿੰਡ ਦਾਖਾ ਨੇ ਦਰਜ ਜਦੋਂ ਉਹ ਦੇਰ ਸ਼ਾਮ ਆਪਣੇ ਭਰਾ ਨਾਲ ਫਾਸਟ ਫੂਡ ਦੀ ਦੁਕਾਨ ਬੰਦ ਕਰਨ ਉਪਰੰਤ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਘਰ ਜਾ ਰਹੇ ਸਨ ਤਾਂ ਜਦੋਂ ਉਹ ਪਿੰਡ ਗਹੌਰ ਨੇੜੇ ਪੁੱਜੇ ਤਾਂ ਪਿੱਛੋਂ ਇੱਕ ਮੋਟਰਸਾਇਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਜਿਹਨਾਂ ਵਿੱਚੋਂ ਪਿੱਛੇ ਬੈਠੇ ਨੌਜਵਾਨ ਨੇ ਉਤਰਦਿਆਂ ਹੀ ਲੁੱਟ ਖੋਹ ਕਰਨ ਦੀ ਨੀਅਤ ਨਾਲ ਆਪਣੇ ਹੱਥ ਵਿੱਚ ਫੜੇ ਦਾਹ ਨਾਲ ਵਾਰ ਕੀਤਾ, ਜਿਹੜਾ ਕਿ ਐਕਟਿਵਾ ਦੀ ਲਾਇਟ 'ਤੇ ਵੱਜਾ ਤੇ ਉਹ ਦੋਵੇਂ ਭਰਾ ਹੇਠਾਂ ਡਿੱਗ ਪਏ । ਫਿਰ ਇੱਕ ਨੌਜਵਾਨ ਨੇ ਉਸਦੀ ਜੇਬ ਵਿੱਚੋਂ ਦਸ ਹਜ਼ਾਰ ਰੁਪਏ ਨਗਦ ਅਤੇ ਇੱਕ ਮੋਬਾਇਲ ਫੋਨ ਕੱਢ ਲਿਆ। ਜਦੋਂ ਇਹ ਤਿੰਨੇ ਜਲਦੀ ਵਿੱਚ ਮੋਟਰ ਸਾਇਕਲ ਭਜਾਉਣ ਲੱਗੇ ਤਾਂ ਇਹਨਾਂ ਦਾ ਮੋਟਰਸਾਇਕਲ ਸਲਿਪ ਹੋਣ ਕਰਕੇ ਇਹ ਹੇਠਾਂ ਡਿੱਗ ਪਏ ਅਤੇ ਪਿੱਛੋਂ ਗੱਡੀ ਆਉਂਦੀ ਦੇਖ ਮੌਕੇ 'ਤੇ ਮੋਟਰਸਾਇਕਲ ਛੱਡ ਕੇ ਖੇਤਾਂ ਵੱਲ ਨੂੰ ਭੱਜ ਗਏ । ਜਿਹਨਾਂ ਵਿੱਚੋਂ ਰਾਹਗੀਰਾਂ ਦੀ ਮਦਦ ਨਾਲ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦਕਿ ਇਹਨਾਂ ਦਾ ਤੀਜਾ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਿਆ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਚਰਨਪ੍ਰੀਤ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀਆਨ ਪਿੰਡ ਖੰਡੂਰ ਅਤੇ ਨਗਦੀ ਅਤੇ ਮੋਬਾਇਲ ਲੈ ਕੇ ਭੱਜਣ ਵਾਲੇ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਖੰਡੂਰ ਥਾਣਾ ਜੋਧਾਂ ਵਜੋਂ ਹੋਈ।