ਰਾਏਕੋਟ, 30 ਅਗਸਤ ( ਚਮਕੌਰ ਸਿੰਘ ਦਿਓਲ) : ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਵਿਖੇ 4-5 ਸਾਲ ਪਹਿਲਾਂ ਮਨਰੇਗਾ ਵੱਲੋਂ ਲਗਾਏ ਗਏ ਦਰੱਖਤਾਂ ਨੂੰ ਇੱਕ ਕਿਸਾਨ ਵੱਲੋਂ ਨਜਾਇਜ ਤੌਰ ਤੇ ਵੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦਰੱਖਤ ਕੱਟੇ ਜਾਣ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ ਅਤੇ ਪਿੰਡ ਰਾਮਗੜ੍ਹ ਸਿਵੀਆਂ ਦੀ ਪੰਚਾਇਤ ਵੱਲੋਂ ਇਸ ਸਬੰਧੀ ਲਿਖਤੀ ਸਿਕਾਇਤ ਬੀਡੀਪੀਓ ਨੂੰ ਦਿੱਤੀ ਗਈ ਸੀ, ਪਰ ਤਕਰੀਬਨ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ਼ ਵਜੋਂ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਪਿੰਡ ਵਾਸੀਆਂ, ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ 1 ਸਤੰਬਰ ਨੂੰ ਸਵੇਰੇ 10 ਵਜੇ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਬੀਕੇਯੂ ਦੋਆਬਾ ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ, ਬਲਾਕ ਰਾਏਕੋਟ ਦੇ ਪ੍ਰਧਾਨ ਗੁਰਮਿੰਦਰ ਸਿੰਘ ਗੋਲੀ ਭੁੱਲਰ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੀ ਸਰਕਾਰ ਰੋਜਾਨਾ ਹੀ ਲੱਖਾਂ ਬੂਟੇ ਲਗਾਉਣ ਦੀ ਗੱਲ ਕਰ ਰਹੀ ਹੈ, ਜਦੋਂ ਕਿ ਦੂਸਰੇ ਪਾਸੇ ਪਿਛਲੇ 4-5 ਸਾਲਾਂ ਤੋਂ ਲਗਾਏ ਗਏ ਦਰੱਖਤ, ਜੋ ਇੱਕ ਕਿਸਾਨ ਨੇ ਨਜਾਇਜ ਤੌਰ ਤੇ ਕੱਟ ਦਿੱਤੇ, ਉਸਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦੋਂ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਲੁਧਿਆਣਾ, ਐਸਐਸਪੀ ਲੁਧਿਆਣਾ ਦਿਹਾਤੀ, ਐਸਡੀਐਮ ਰਾਏਕੋਟ ਅਤੇ ਡੀਐਸਪੀ ਰਾਏਕੋਟ ਦੇ ਧਿਆਨ ਵਿੱਚ ਹੈ। ਪ੍ਰਧਾਨ ਢੱਟ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਦਰੱਖਤ ਕੱਟਣ ਵਾਲੇ ਖਿਲਾਫ ਕੋਈ ਕਾਰਵਾਈ ਨਾ ਕਰਨ ਸਬੰਧੀ ਡੀਐਸਪੀ ਰਾਏਕੋਟ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਕਾਰਵਾਈ ਅਮਲ ‘ਚ ਲਿਆਉਣ ਲਈ ਦੋ ਦਿਨ ਦਾ ਸਮਾਂ ਮੰਗਿਆ ਸੀ। ਪਰ ਦੋ ਦਿਨ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ 1 ਸਤੰਬਰ ਨੂੰ ਰਾਏਕੋਟ ਦੇ ਸਰਦਾਰ ਹਰੀ ਸਿੰਘ ਨਲੂਆ ਚੌਂਕ ਵਿੱਚ ਹਾਈਵੇ ਜਾਮ ਕਰਕੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੇ ਕਿਹਾ ਕਿ ਅਗਰ ਨਜਾਇਜ ਤੌਰ ਤੇ ਦਰੱਖਤ ਕੱਟਣ ਵਾਲੇ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਦਰੱਖਤ ਕੱਟਣ ਦੇ ਮਾਮਲਿਆਂ ‘ਚ ਗਿਣਤੀ ਵਧੇਗੀ। ਉਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦਰੱਖਤ ਕੱਟਣ ਵਾਲੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਹੋਰ ਵੀ ਅਜਿਹੀ ਗਲਤੀ ਨਾਲ ਕਰ ਸਕੇ।