- ਰਾਹਤ ਕੇਂਦਰਾਂ ਵਿੱਚ ਹਰ ਸੁਵਿਧਾ ਉਪਲਬਧ, ਕਿਸੇ ਵੀ ਸਹਾਇਤਾ ਲਈ ਨੋਡਲ ਅਫਸਰਾਂ ਨਾਲ ਕੀਤਾ ਜਾਵੇ ਸੰਪਰਕ
- ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਤੁਰੰਤ ਰਾਹਤ ਕੈਂਪਾਂ ਵਿੱਚ ਜਾਣ ਦੀ ਅਪੀਲ
ਫਾਜ਼ਿਲਕਾ, 28 ਜੁਲਾਈ : ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਠਹਿਰਣ ਲਈ ਜਿਥੇ ਰਾਹਤ ਕੈਂਪਾਂ ਦੀ ਸਥਾਪਨਾ ਕੀਤੀ ਗਈ ਹੈ ਉਥੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਦੀ ਡਿਉਟੀਆਂ ਲਗਾਈਆਂ ਗਈਆਂ ਹਨ ਜ਼ੋ ਕਿ ਰਾਹਤ ਕੇਂਦਰਾਂ ਅਤੇ ਪਿੰਡਾਂ ਵਿਖੇ ਹਰ ਸਮੇਂ ਮੌਜੂਦ ਰਹਿੰਦੇ ਹਨ ਤੇ ਲੋਕਾਂ ਨੂੰ ਲੋੜ ਅਨੁਸਾਰ ਸੁਵਿਧਾਵਾਂ ਪ੍ਰਦਾਨ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 17 ਹੜ੍ਹ ਰਾਹਤ ਕੈਂਪ ਬਣਾਏ ਗਏ ਹਨ ਜ਼ਿਨ੍ਹਾਂ ਵਿਚੋਂ ਸਮੇਂ ਦੀ ਲੋੜ ਅਨੁਸਾਰ 5 ਹੜ੍ਹ ਰਾਹਤ ਕੈਂਪ ਕਾਰਜਸ਼ੀਲ ਹਨ, ਜੇਕਰ ਆਉਣ ਵਾਲੇ ਸਮੇਂ ਵਿਚ ਹੋਰ ਲੋੜ ਪੈਂਦੀ ਹੈ ਤਾਂ ਬਾਕੀ ਰਾਹਤ ਕੈਂਪ ਵੀ ਚਾਲੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 5 ਹੜ੍ਹ ਰਾਹਤ ਕੈਂਪ ਪਿੰਡ ਮੌਜਮ, ਆਸਫ ਵਾਲਾ,ਹਸਤਾ ਕਲਾਂ, ਸੰਤ ਕਬੀਰ ਪੋਲੀਟੈਕਨਿਕ ਕਾਲਜ ਫਾਜ਼ਿਲਕਾ ਅਤੇ ਸਲੇਮਸ਼ਾਹ ਵਿਖੇ ਬਣਾਏ ਗਏ ਹਨ ਜਿਥੇ ਲੋਕ ਆ ਕੇ ਸੁਰੱਖਿਅਤ ਰਹਿ ਸਕਦੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹ ਰਾਹਤ ਕੈਂਪਾਂ ਵਿਚ ਮੈਡੀਕਲ ਟੀਮਾਂ, ਵੈਟਰਨਰੀ ਟੀਮਾਂ, ਖਾਣੇ, ਪੀਣ ਵਾਲੇ ਪਾਣੀ, ਬਿਜਲੀ, ਪਸ਼ੂਆਂ ਲਈ ਹਰਾ ਚਾਰ, ਪੱਠੇ ਆਦਿ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਖਾਸ ਕਰਕੇ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਅਧਿਕਾਰੀਆਂ ਵੱਲੋਂ ਵਾਰ—ਵਾਰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਰਾਹਤ ਕੈਂਪਾਂ ਵਿਖੇ ਆ ਕੇ ਠਹਿਰ ਸਕਦੇ ਹਨ, ਰਾਹਤ ਕੈਂਪਾਂ ਉਨ੍ਹਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਮੈਡੀਕਲ ਸਮੇਤ ਹਰੇਕ ਲੋੜੀਂਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨਾਲ—ਨਾਲ ਪਸ਼ੂ ਪਾਲਕਾਂ ਦੇ ਪਸ਼ੂਆਂ ਲਈ ਹਰ ਯੋਗ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਕੈਂਪ ਮੌਜਮ ਦੇ ਨੋਡਲ ਅਫਸਰ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਰਾਮ 94631—14464, ਆਸਫ ਵਾਲਾ ਦੇ ਨੋਡਲ ਅਫਸਰ ਐਸ.ਡੀ.ਓ ਮੰਡੀ ਬੋਰਡ ਨਿਰਪਰਿੰਦਰ ਸਿੰਘ 75080—97510, ਹਸਤਾ ਕਲਾਂ ਦੇ ਨੋਡਲ ਅਫਸਰ ਐਸ.ਡੀ.ਓ ਪੰਚਾਇਤੀ ਰਾਜ ਸ੍ਰੀ ਮਨਪ੍ਰੀਤ ਕੰਬੋਜ਼ 98887—25841, ਸੰਤ ਕਬੀਰ ਪੋਲੀਟੈਕਨਿਕ ਕਾਲਜ ਫਾਜ਼ਿਲਕਾ ਦੇ ਨੋਡਲ ਅਫਸਰ ਸ੍ਰੀ ਸਾਹਿਲ ਗਗਨੇਜਾ ਕਾਰਜਕਾਰੀ ਇੰਜੀਨੀਅਰ ਮੰਡੀਕਰਨ ਬੋਰਡ 97802—60934 ਅਤੇ ਰਾਹਤ ਕੇਂਦਰ ਸਲੇਮਸ਼ਾਹ ਦੇ ਨੋਡਲ ਅਫਸਰ ਸ੍ਰੀ ਬਜਰੰਗ ਬਲੀ ਭੂਮੀ ਰੱਖਿਆ ਅਫਸਰ 97727—39609 ਤਾਇਨਾਤ ਕੀਤੇ ਹੋਏ ਹਨ, ਰਾਹਤ ਕੇਂਦਰਾਂ ਨੂੰ ਲੈ ਕੇ ਕਿਸੇ ਵੀ ਸਹਾਇਤਾ ਲਈ ਨੋਡਲ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਸਬੰਧੀ ਕਿਸੇ ਵੀ ਸਹਾਇਤਾ ਲਈ 24 ਘੰਟੇ ਚੱਲ ਰਹੇ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਦੇ ਫੋਨ ਨੰਬਰ 01638—262153 ਨਾਲ ਸੰਪਰਕ ਕੀਤਾ ਜਾ ਸਕਦਾ ਹੈ।