- 24 ਸਤੰਬਰ ਨੂੰ ਭਵਾਨੀਗੜ੍ਹ ਵਿਚ ਲੱਗੇਗਾ ਅਸੈਸਮੈਂਟ ਕੈਂਪ
ਸੰਗਰੂਰ, 23 ਸਤੰਬਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੈਡ ਕਰਾਸ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਲਿਮਕੋ, ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨ ਵਿਅਕਤੀਆਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਗੁਰਦੁਆਰਾ ਸਾਹਿਬ, ਪਿੰਡ ਸਤੌਜ (ਸੁਨਾਮ) ਅਤੇ ਗੁਰਦੁਆਰਾ ਮਹਿਲ ਮੁਬਾਰਕ ਸੰਗਰੂਰ ਵਿਖੇ ਅਸੈਸਮੈਂਟ ਕੈਂਪ ਲਗਾਏ ਗਏ। ਸਤੌਜ ਵਿਖੇ ਆਯੋਜਿਤ ਕੈਂਪ ਦੌਰਾਨ ਕਰੀਬ 200 ਦਿਵਿਆਂਗ ਲਾਭਪਾਤਰੀਆਂ ਦੀ ਜਾਂਚ ਕਰਵਾਈ ਗਈ ਜਿਹਨਾਂ ਵਿੱਚੋਂ 181 ਦਿਵਿਆਂਗ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਦਕਿ ਗੁਰਦੁਆਰਾ ਮਹਿਲ ਮੁਬਾਰਕ ਵਿਖੇ 220 ਦਿਵਿਆਂਗਜਨ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਹੋਈ, ਜਿਹਨਾਂ ਨੂੰ ਵੰਡ ਸਮਾਰੋਹ ਵਿੱਚ ਆਉਣ ਵਾਲੇ ਸਮੇਂ ਸਹਾਇਕ ਉਪਕਰਨ ਮੁਹੱਈਆ ਕਰਵਾਏ ਜਾਣਗੇ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਬੜਿੰਗ ਨੇ ਦੱਸਿਆ ਕਿ 24 ਸਤੰਬਰ ਨੂੰ ਸ਼ਿਵ ਮੰਦਿਰ, ਨਜਦੀਕ ਟਰੱਕ ਯੂਨੀਅਨ, ਭਵਾਨੀਗੜ੍ਹ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਸੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵ੍ਹੀਲ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫੋਨ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ), ਬੀ ਟੀ ਈ (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਸਹਾਇਕ ਉਪਕਰਣਾਂ ਲਈ ਲਾਭਪਾਤਰੀਆਂ ਦੀ ਅਸੈਸਮੈਂਟ ਕੀਤੀ ਜਾ ਰਹੀ ਹੈ, ਜਿਸ ਸਬੰਧੀ ਕੋਈ ਵੀ ਸਹਾਇਕ ਉਪਕਰਣ ਲੈਣ ਲਈ ਜਰੂਰੀ ਦਸਤਾਵੇਜ਼ ਮੁਹੱਈਆ ਕਰਵਾਉਣੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਜਰੂਰੀ ਯੂ.ਡੀ.ਆਈ.ਡੀ. ਕਾਰਡ, ਆਧਾਰ ਕਾਰਡ, ਆਮਦਨ ਦਾ ਸਰਟੀਫਿਕੇਟ 22,000/- ਰੁਪਏ ਤੋਂ ਘੱਟ ਪ੍ਰਤੀ ਮਹੀਨੇ ਦਾ ਸਰਪੰਚ ਜਾਂ ਐਮ.ਸੀ. ਜਾਂ ਤਹਿਸੀਲਦਾਰ ਤੋਂ ਤਸਦੀਕ ਸ਼ੁਦਾ ਹੋਣਾ ਚਾਹੀਦਾ ਹੈ ਅਤੇ 2 ਪਾਸਪੋਰਟ ਸਾਈਜ ਫੋਟੋ ਅਸੈਸਮੈਂਟ ਕੈਂਪ ਵਿਚ ਨਾਲ ਲੈ ਕੇ ਜ਼ਰੂਰ ਆਉਣ। ਇਹਨਾਂ ਦਸਤਾਵੇਜ ਤੋਂ ਬਿਨਾਂ ਕਿਸੇ ਵੀ ਲਾਭਪਾਤਰੀ ਦੀ ਅਸੈਸਮੈਂਟ ਨਹੀਂ ਹੋਵੇਗੀ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।