ਜਗਰਾਓਂ (ਰਛਪਾਲ ਸਿੰਘ ਸ਼ੇਰਪੁਰੀ) : ਪੰਜਾਬ ਦੇ ਖਰਾਬ ਹੁੰਦੇ ਮਾਹੌਲ ਨੂੰ ਨਕੇਲ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਜਿੱਥੇ ਸ਼ੋਸ਼ਲ ਮੀਡੀਆ ਤੇ ਹਥਿਆਰਾਂ ਦੀ ਨੁੁਮਾਇਸ਼ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਨੂੰ 92 ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇੰਨਾ ਲਾਇਸੈਂਸਾ ਵਿੱਚ ਉਹ ਸ਼ਾਮਲ ਹਨ ਜਿੰਨ੍ਹਾ ਵਿੱਚ ਪਤੇ ਨਹੀਂ ਲੱਭਣਾ, ਕੋਈ ਵਿਦੇਸ਼ ਰਹਿੰਦਾ, ਕੋਈ ਆਰਮਜ਼ ਐਕਟ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਆਦਿ ਹਨ, ਇਸ ਤੋਂ ਇਲਾਵਾ ਜਿਹੜੇ ਲੋਕ ਫੇਸਬੁੱਕ ਸਮੇਤ ਸ਼ੋਸ਼ਲ ਮੀਡੀਆ ਤੇ ਆਪਣੀ ਫੋਟੋ ਹਥਿਆਰਾਂ ਨਾਲ ਸ਼ੇਅਰ ਕਰਦੇ ਹਨ, ਉਨ੍ਹਾਂ ਉੱਪਰ ਵੀ ਕਾਨੂੰਨੀ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸੁਖਦੇਵ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਦਸ਼ਮੇਸ਼ ਨਗਰ ਮੰਡੀ ਮੁੱਲਾਂਪੁਰ ਹਾਲ ਵਾਸੀ ਬੀਹਲਾ (ਲੁਧਿਆਣਾ) ਜੋ ਕਿ ਸ਼ੋਸਲ ਮੀਡੀਆਂ ਤੇ ਅਸਲੇ ਨਾਲ ਫੋਟੋਆਂ ਅਤੇ ਵੀਡੀਓ ਪਾ ਕੇ ਧਮਕਾ ਰਿਹਾ ਹੈ, ਉਸ ਖਿਲਾਫ ਕਾਰਵਾਈ ਕਰਦੇ ਹੋਏ ਐਸ.ਆਈ ਜਸਵਿੰਦਰ ਸਿੰਘ ਵਲੋਂ ਇਸ ਸਬੰਧੀ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਵੀ ਥਾਣਾ ਸਦਰ ਰਾਏਕੋਟ ਵਿਖੇ ਇਕ ਗਾਇਕ ਅਤੇ ਕੰਪਨੀ ਖਿਲਾਫ਼ ਗੰਨ ਕਲਚਰ ਨੂੰ ਪ੍ਰਮੋਟ ਕਰਨ ਸਬੰਧੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ।