ਲੁਧਿਆਣਾ, 31 ਜਨਵਰੀ (ਰਘਵੀਰ ਸਿੰਘ ਜੱਗਾ) : ਕੈਨੇਡਾ ਵਿੱਚ ਗਦਰੀ ਬਾਬਿਆਂ ਦੀ ਮਸ਼ਾਲ ਜਗਾ ਕੇ ਗਲੋਬਲ ਚੇਤਨਾ ਦੂਤ ਸਾਹਿਬ ਥਿੰਦ ਦਾ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਬੀਤੀ ਸ਼ਾਮ ਸਨਮਾਨ ਕੀਤਾ ਗਿਆ। ਸਾਹਿਬ ਥਿੰਦ ਦੀਆਂ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗਦਰੀ ਸੂਰਬੀਰਾਂ ਦੇ ਨਾਮ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਮੇਲਾ ਲਾਉਣ ਤੋਂ ਇਲਾਵਾ ਲੋਕ ਚੇਤਨਾ ਲਹਿਰ ਉਸਾਰਨ ਬਾਰੇ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇ਼ਸ਼ਨ ਵੱਲੋਂ ਸਾਹਿਬ ਥਿੰਦ ਤੇ ਸਾਥੀਆਂ ਨੇ ਪੈਰਵੀ ਕਰਕੇ ਕਾਮਾਗਾਟਾ ਮਾਰੂ ਜਹਾਜ਼ ਵੈਨਕੁਵਰ ਤੋਂ ਪਰਤਾਉਣ ਦੀ ਘਟਨਾ ਬਾਰੇ ਪਬਲਿਕ ਮੁਆਫ਼ੀ 2008 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਤੋਂ ਬੀਅਰ ਕਰੀਕ ਪਾਰਕ ਵਿੱਚ ਮੇਲੇ ਦੌਰਾਨ ਮੰਗਵਾਈ ਤੇ ਮਗਰੋਂ ਦੇਸ਼ ਦੀ ਪਾਰਲੀਮੈਂਟ ਵਿੱਚ। ਮੇਲੇ ਵਿੱਚ ਮੁਆਫ਼ੀ ਮੌਕੇ ਮੈਂ ਤੇ ਪਰਗਟ ਸਿੰਘ ਗਰੇਵਾਲ ਪ੍ਰਧਾਨ ਪ੍ਰੋ. ਮੇਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਲੁਧਿਆਣਾ ਸਰੀ ਵਿੱਚ ਹਾਜ਼ਰ ਸਾਂ। ਉਨ੍ਹਾਂ ਦੱਸਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਰ ਬਾਰ ਬੇਨਤੀ ਕਰਕੇ ਗਦਰ ਪਾਰਟੀ ਦੇਸ਼ ਭਗਤਾਂ ਖ਼ਿਲਾਫ਼ ਜਾਰੀ ਹੁਕਮ ਵੀ ਵਾਪਸ ਕਰਵਾਇਆ। ਇਸੇ ਸੰਸਥਾ ਦੇ ਯਤਨਾਂ ਸਦਕਾ ਅੰਡੇਮਾਨ ਤੇ ਨਿਕੋਬਾਰ ਨੇੜਲੇ ਨਿੱਕੇ ਨਿੱਕੇ ਟਾਪੂਆਂ ਦਾ ਨਾਮ ਅੰਗਰੇਜ਼ ਅਧਿਕਾਰੀਆਂ ਦੀ ਥਾਂ ਆਜ਼ਾਦੀ ਘੁਲਾਟੀਆਂ ਤੇ ਕੌਮੀ ਸ਼ਹੀਦਾਂ ਦੇ ਨਾਮ ਤੇ ਰਖਵਾਉਣ ਵਿੱਚ ਅਗਵਾਈ ਕੀਤੀ ਤੇ ਕਾਮਯਾਬੀ ਹਾਸਲ ਕੀਤੀ। ਇਸ ਮੌਕੇ ਧੰਨਵਾਦੀ ਸ਼ਬਦ ਬੋਲਦਿਆਂ ਸਾਹਿਬ ਥਿੰਦ ਨੇ ਕਿਹਾ ਕਿ ਮੇਰੀ ਪ੍ਰੇਰਨਾ ਦੇ ਸਰੋਤ ਸਃ ਜਗਦੇਵ ਸਿੰਘ ਜੱਸੋਵਾਲ ਸਨ ਜਿੰਨ੍ਹਾਂ ਵੱਲੋਂ ਮਿਲੀ ਹਲਾਸ਼ੇਰੀ ਸਦਕਾ ਅਸੀਂ ਕੈਨੇਡਾ ਚ ਗਦਰੀ ਸੂਰਮਿਆ ਦੀ ਮਸ਼ਾਲ ਮਘਦੀ ਰੱਖ ਸਕੇ ਹਾਂ। ਸਾਡੀ ਸੰਸਥਾ ਨੂੰ ਚੁੱਪ ਕਰਵਾਉਣ ਲਈ ਹਕੂਮਤ ਵੱਲੋਂ ਕਈ ਧਮਕੀਆਂ ਤੇ ਲਾਲਚ ਵੀ ਦਿੱਤੇ ਗਏ ਪਰ ਅਸੀਂ ਆਪਣਾ ਨਿਸ਼ਚਾ ਪੂਰਾ ਕੀਤਾ। ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਗੋਰੇਸ਼ਾਹੀ ਦੇ ਦਬਾਅ ਹੇਠ 1914-15 ਦੌਰਾਨ ਕੀਤੀ ਭੁੱਲ ਵਿੱਚ ਸੁਧਾਰ ਕੀਤਾ। ਇਸ ਵਾਰ ਉਨ੍ਹਾਂ ਦਾ ਮਿਸ਼ਨ ਗਦਰ ਪਾਰਟੀ ਸੂਰਮਿਆਂ, ਬੱਬਰ ਅਕਾਲੀਆਂ, ਕਿਰਤੀ ਕਿਸਾਨ ਲਹਿਰ ਤੇ ਹੋਰ ਦੇਸ਼ ਭਗਤਕ ਲਹਿਰਾਂ ਦੇ ਆਜ਼ਾਦੀ ਘੁਲਾਟੀਆਂ ਦੇ ਨਾਮ ਤੇ ਵਿਦਿਅਕ ਅਦਾਰਿਆ ਦਾ ਨਾਮ ਰਖਵਾਉਣਾ ਹੈ। ਇਸ ਸਬੰਧੀ ਉਹ ਜੂਨ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਗਏ ਸਨ ਅਤੇ ਹੁਣ ਵੀ ਇਸ ਮਿਸ਼ਨ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਯਾਦ ਪੱਤਰ ਦੇਣਗੇ। ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰਨ ਜਾਣਗੇ ਤਾਂ ਜੋ ਡਲਹੌਜੀ ਸ਼ਹਿਰ ਦਾ ਨਾਮ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਤੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸਃ ਅਜੀਤ ਸਿੰਘ ਦੇ ਨਾਮ ਤੇ ਰੱਖਣ ਲਈ ਕੋਸ਼ਿਸ਼ ਕਰ ਰਹੇ ਹਨ। ਸਃ ਅਜੀਤ ਸਿੰਘ ਨੇ 15 ਅਗਸਤ 1947 ਨੂੰ ਇਸੇ ਸ਼ਹਿਰ ਵਿੱਚ ਹੀ ਆਖ਼ਰੀ ਸਵਾਸ ਲਏ ਸਨ। ਉਨ੍ਹਾਂ ਨਾਲ ਸਰੀ ਤੋਂ ਆਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਤੇ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਕੈਨੇਡਾ ਦੇ ਜਨਰਲ ਸਕੱਤਰ ਡਾ. ਅਮਰਪ੍ਰੀਤ ਸਿੰਘ ਗਿੱਲ(ਬੱਬੂ) ਨੇ ਕਿਹਾ ਕਿ ਦੇਸ਼ ਭਗਤਾਂ ਦੇ ਨਾਮ ਤੇ ਵਿਦਿਅਕ ਅਦਾਰਿਆਂ ਦਾ ਨਾਮ ਕਰਨ ਨਾਲ ਸੂਰਮਿਆਂ ਨੂੰ ਯਾਦਾਂ ਵਿੱਚ ਵਸਾਇਆ ਜਾ ਸਕੇਗਾ ਨਾਲੇ ਇਹ ਕਾਰਜ ਬਿਨ ਆਰਥਿਕ ਬੋਝ ਤੋਂ ਕੀਤਾ ਜਾ ਸਕਦਾ ਹੈ। ਇਸ ਮੌਕੇ ਉੱਘੇ ਕਵੀ ਤ੍ਰੈਲੋਚਨ ਲੋਚੀ, ਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ ਤੇ ਡਾ. ਗੁਰਇਕਬਾਲ ਸਿੰਘ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਅਕਾਡਮੀ ਵੱਲੋਂ ਗਦਰ ਗੂੰਜਾਂ ਤੇ ਕਾਮਾਗਾਟਾ ਮਾਰੂ ਸਬੰਧੀ ਕਵਿਤਾਵਾਂ ਦਾ ਪ੍ਰਕਾਸ਼ਨ ਨੇੜ ਭਵਿੱਖ ਵਿੱਚ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੋਹਾਂ ਮਹਿਮਾਨਾਂ ਨੂੰ ਗੁਰਇਕਬਾਲ ਦਾ ਕਾਵਿ ਸੰਗ੍ਰਹਿ ਜੋਗੀ ਅਰਜ਼ ਕਰੇ, ਸਹਿਜਪ੍ਰੀਤ ਸਿੰਘ ਮਾਂਗਟ ਦਾ ਸਹਿਜ ਮਤੀਆਂ ਤੇ ਗੁਰਭਜਨ ਗਿੱਲ ਦੀਆਂ ਦੋ ਕਿਤਾਬਾਂ ਖ਼ੈਰ ਪੰਜਾਂ ਪਾਣੀਆਂ ਦੀ ਤੇ ਪਿੱਪਲ ਪੱਤੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਪੰਜਾਬੀ ਸਾਹਿੱਤ ਅਕਾਦਮੀ ਦੇ ਸਰਪ੍ਰਸਤ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਵਿਸ਼ਾਲ ਲਾਇਬਰੇਰੀ ਤੇ ਬੁੱਕ ਬੈਂਕ ਦੀ ਉਸਾਰੀ ਨੇੜ ਭਵਿੱਖ ਚ ਆਪਣੇ ਪਰਿਵਾਰਕ ਸਾਧਨਾਂ ਨਾਲ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੀ ਦੇਖ ਰੇਖ ਹੇਠ ਕਰਵਾਉਣਗੇ ਜਿਸ ਤੋਂ ਸਕੂਲੀ ਵਿਦਿਆਰਥੀ ਤੇ ਇਲਾਕਾ ਵਾਸੀ ਲਾਭ ਲੈ ਸਕਣਗੇ।