ਫਰੀਦਕੋਟ 6 ਜੂਨ : ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਦਿਆ ਦੇ ਮਿਆਰ ਨੂੰ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਫਰੀਦਕੋਟ ਦੇ ਸਕੂਲੀ ਵਿਦਿਆਰਥੀਆਂ ਦੀ ਵਰਦੀ ਲਈ ਪ੍ਰਤੀ ਵਿਦਿਆਰਥੀ 600/- ਰੁਪਏ ਦੇ ਹਿਸਾਬ ਨਾਲ ਬਜਟ ਅਲਾਟਮੈਂਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਦੇ 8719 ਵਿਦਿਆਰਥੀ (ਲੜਕੇ ਅਤੇ ਲੜਕੀਆਂ) ਲਈ 52,31,400 ਰੁਪਏ ਅਤੇ ਪ੍ਰਾਇਮਰੀ ਵਿੰਗ ਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਓ.ਬੀ.ਸੀ. ਵਰਗ ਦੇ 1187 ਲੜਕਿਆਂ ਲਈ 7,12,200 ਰੁਪਏ ਅਤੇ ਜਨਰਲ ਕੈਟਾਗਿਰੀ ਦੇ 1326 ਵਿਦਿਆਰਥੀਆਂ (ਲੜਕੇ) ਲਈ 7,95,600 ਰੁਪਏ ਦੀ ਬਜਟ ਅਲਾਟਮੈਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਫਰੀਦਕੋਟ ਲਈ ਕੁੱਲ 67,39,200 ਰੁਪਏ ਦੀ ਬਜਟ ਅਲਾਟਮੈਂਟ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਬਜਟ ਅਲਾਟਮੈਂਟ ਨਾਲ ਕੁੱਲ 11,232 ਵਿਦਿਆਰਥੀਆਂ ਨੂੰ ਫਾਇਦਾ ਪਹੁੰਚੇਗਾ।