- ਸ਼ਹੀਦ ਊਧਮ ਸਿੰਘ ਨੂੰ ਹਲਕਾ ਵਿਧਾਇਕ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ, ਡਿਪਟੀ ਕਮਿਸ਼ਨਰ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ
ਫ਼ਤਹਿਗੜ੍ਹ ਸਾਹਿਬ, 31 ਜੁਲਾਈ : ਦੇਸ਼ ਦੀ ਆਜ਼ਾਦੀ ਦੀ ਜੰਗ ਵਿੱਚ ਸ. ਊਧਮ ਸਿੰਘ ਵੱਲੋਂ ਕੀਤੇ ਸੰਘਰਸ਼ ਅਤੇ ਦਿੱਤੀ ਕੁਰਬਾਨੀ ਦਾ ਬਹੁਤ ਵੱਡਾ ਯੋਗਦਾਨ ਹੈ। ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਲਖਬੀਰ ਸਿੰਘ ਰਾਏ ਨੇ ਇੱਥੇ ਸਥਿਤ ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਵਿਖੇ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਦਾ ਦੇ ਫੁੱਲ ਭੇਟ ਕਰਦਿਆਂ ਕੀਤਾ। ਇਸ ਮੌਕੇ ਹਲਕਾ ਵਿਧਾਇਕ ਨੇ ਕਿਹਾ ਕਿ ਸ. ਊਧਮ ਸਿੰਘ ਨੇ ਜ਼ਾਲਮ ਨੂੰ ਬਣਦੀ ਸਜ਼ਾ ਦੇ ਕੇ ਜਿੱਥੇ ਪੰਜਾਬ ਦੀ ਅਣਖ ਨੂੰ ਬੁਲੰਦ ਰੱਖਿਆ ਓਥੇ ਦੇਸ਼ ਦੀ ਅਜ਼ਾਦੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਹਲਕਾ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਸ਼ਹੀਦਾਂ ਦਾ ਇਹ ਸੁਪਨਾ ਸੀ ਕਿ ਦੇਸ਼ ਆਜ਼ਾਦ ਹੋਵੇ ਅਤੇ ਇੱਥੋਂ ਦੇ ਨਾਗਰਿਕਾਂ ਨੂੰ ਉਹਨਾਂ ਦੇ ਸਾਰੇ ਹੱਕ ਮਿਲਣ ਅਤੇ ਉਹ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਜਿਉਂ ਸਕਣ। ਇਸ ਸੁਪਨੇ ਨੂੰ ਪੂਰਾ ਕਰਨ ਲਈ ਵਡੇਰਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਜਿਨ੍ਹਾਂ ਤੋਂ ਸੇਧ ਲੈ ਕੇ ਅੱਜ ਹਰ ਇਨਸਾਨ ਨੂੰ ਸੂਬੇ ਅਤੇ ਦੇਸ਼ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ੍ਰੀ ਅਜੇ ਸਿੰਘ ਲਿਬੜਾ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰੋਜ਼ਾ ਸ਼ਰੀਫ ਨੇੜੇ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਉਹ ਮਹਾਨ ਸ਼ਹੀਦ ਹਨ, ਜਿਨ੍ਹਾਂ ਨੇ ਜ਼ਾਲਮ ਅੰਗਰੇਜ਼ ਹਕੂਮਤ ਵੱਲੋਂ ਜਲ੍ਹਿਆਂ ਵਾਲੇ ਬਾਗ ਵਿੱਚ ਨਿਹੱਥੇ ਤੇ ਬੇਕਸੂਰ ਲੋਕਾਂ ’ਤੇ ਕੀਤੇ ਜੁ਼ਲਮ ਦਾ ਬਦਲਾ ਜ਼ਾਲਮ ਅੰਗਰੇਜ਼ ਦੇ ਘਰ ਜਾ ਕੇ ਲਿਆ। ਅੱਜ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਸ਼ਹੀਦਾਂ ਦੀ ਹੀ ਦੇਣ ਹੈ। ਇਸ ਕਰਕੇ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਜੰਗ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ ਅਤੇ ਸ਼ਹੀਦ ਊਧਮ ਸਿੰਘ ਵੱਲੋਂ ਦਿੱਤੀ ਕੁਰਬਾਨੀ ਆਪਣੇ ਆਪ ਵਿੱਚ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਸ਼ਹੀਦਾਂ ਦੇ ਵਿਖਾਏ ਮਾਰਗ ’ਤੇ ਚੱਲਦੇ ਹੋਏ ਜੀਵਨ ਬਤੀਤ ਕਰੀਏ। ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰੋਜਾ ਸ਼ਰੀਫ ਨੇੜੇ ਸ਼ਹੀਦ ਊਧਮ ਸਿੰਘ ਸਮਾਰਕ ’ਤੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਦੇ ਮਹਾਨ ਸਹੀਦਾਂ ਵੱਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਮੇਸ਼ਾ ਤਤਪਰ ਰਹੀਏ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਤੋਂ ਕਾਫੀ ਸਾਲ ਬਾਅਦ 1974 ਵਿੱਚ ਉਨ੍ਹਾਂ ਦੀਆਂ ਅਸਥੀਆਂ ਇੰਗਲੈਂਡ ਤੋਂ ਵਾਪਸ ਲਿਆ ਕੇ ਉਹਨਾਂ ਦਾ ਇੱਕ ਹਿੱਸਾ ਸੁਨਿਹਰੀ ਕਲਸ ਵਿੱਚ ਪਾ ਕੇ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਦਫਨਾਇਆ ਗਿਆ ਸੀ ਜਿਥੇ ਇਹ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਭਾਰਤ ਮਾਂ ਦੇ ਉਹ ਮਹਾਨ ਸਪੂਤ ਸਨ ਜਿਨ੍ਹਾਂ ਨੇ ਜਾਲਮ ਅੰਗਰੇਜ ਹਕੂਮਤ ਵੱਲੋਂ ਜਲ੍ਹਿਆਂ ਵਾਲੇ ਬਾਗ ਵਿੱਚ ਨਿਹੱਥੇ ਤੇ ਬੇਕਸੂਰ ਭਾਰਤੀਆਂ ’ਤੇ ਕੀਤੇ ਜੁ਼ਲਮ ਦਾ ਬਦਲਾ ਜਾਲਮ ਦੇ ਘਰ ਜਾ ਕੇ ਲਿਆ। ਅੱਜ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹ ਸਾਡੇ ਅਨੇਕਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)ਸ੍ਰੀਮਤੀ ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਕਾਰਜ ਸਾਧਕ ਅਫਸਰ ਨਗਰ ਕੌਂਸਲ ਸਰਹਿੰਦ ਸ਼੍ਰੀ ਸੰਗੀਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਜਿਲ੍ਹੇ ਦੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਦੇ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ।