ਕੋਟਕਪੂਰਾ 21 ਸਤੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ ਨਿਰਦੇਸ਼ਾ ਤੇ ਆਪ ਨੁਮਾਇੰਦਿਆਂ ਵੱਲੋਂ ਨਗਰ ਕੌਸਲ ਕੋਟਕਪੂਰਾ ਵਿਖੇ ਸਥਾਨਕ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪ ਨੁਮਾਇੰਦੇ ਸ. ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਪੀਕਰ ਸ. ਸੰਧਵਾਂ ਵੱਲੋਂ ਦਿੱਤੇ ਨਿਰਦੇਸ਼ਾਂ ਦੇ ਆਧਾਰ ਤੇ ਉਨ੍ਹਾਂ ਵੱਲੋਂ ਕੋਟਕਪੂਰਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਕੋਟਕਪੂਰਾ ਵਿਖੇ ਲੋਕ ਮਿਲਣੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਸੁਣੀਆਂ ਗਈਆਂ ਸਮੱਸਿਆਵਾਂ ਵਿੱਚ ਜਿਆਦਾਤਰ ਮੁਸ਼ਕਿਲਾਂ ਸੀਵਰਜ ਸਿਸਟਮ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਸੀਵਰੇਜ ਸਿਸਟਮ ਨੂੰ ਸੁਧਾਰਨ ਹਿੱਤ ਵਿਸ਼ੇਸ਼ ਨੀਤੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੀਵਰੇਜ ਸਿਸਟਮ ਸਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਐਕਸੀਅਨ ਸੀਵਰੇਜ ਬੋਰਡ ਅਤੇ ਕਾਰਜ ਸਾਧਕ ਅਫਸਰ ਕੋਟਕਪੂਰਾ ਨੂੰ ਆਪਸੀ ਤਾਲਮੇਲ ਜ਼ਰੀਏ ਇਸ ਸਮੱਸਿਆਂ ਦੇ ਜਲਦ ਹੱਲ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਸਮੱਸਿਆਂ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।