ਫਤਿਹਗੜ੍ਹ ਸਾਹਿਬ, 03 ਜੂਨ : ਲੋਕ ਸਭਾ ਚੋਣਾਂ ਦੀ 4 ਜੂਨ ਨੂੰ ਹੋਣ ਵਾਲੀ ਗਿਣਤੀ ਦੀਆਂ ਸਮੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨ ਫਤਿਹਗੜ੍ਹ ਸਾਹਿਬ ਪਰਨੀਤ ਸ਼ੇਰਗਿਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੀ ਕਾਊਂਟਿੰਗ ਦੋ ਸਥਾਨਾਂ ਤੇ ਕੀਤੀ ਜਾਵੇਗੀ, ਜਿਨਾਂ ਵਿੱਚੋਂ ਚਾਰ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ੍ਹ ਸਾਹਿਬ ਅਤੇ ਪੰਜ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਲੁਧਿਆਣਾ ਵਿਖੇ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਅਮਲੋਹ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਵਿਧਾਨ ਸਭਾ ਹਲਕੇ ਅਮਰਗੜ੍ਹ ਹਲਕੇ ਦੀ ਕਾਊਂਟਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਵਿਖੇ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ ਤੇ ਇਸ ਉਪਰੰਤ ਈਵੀਐਮ ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋਵੇਗੀ। ਸਟਰੋਂਗ ਰੂਮਾਂ ਵਿੱਚ ਈ. ਵੀ ਐਮ ਮਸ਼ੀਨਾਂ ਦੀ ਸੁਰੱਖਿਆ ਤਿੰਨ ਪੜਾਵਾਂ ਵਿੱਚ ਪੰਜਾਬ ਪੁਲਿਸ ਅਤੇ ਪੈਰਾਮਿਲਟਰੀ ਫੋਰਸਿਸ ਦੀ ਨਿਗਰਾਨੀ ਹੇਠ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੱਤ ਹਾਰ ਕਿਸੇ ਵੀ ਉਮੀਦਵਾਰ ਦੀ ਹੋ ਸਕਦੀ ਹੈ ਅਤੇ ਰੰਜਿਸ਼ਬਾਜ਼ੀ ਮਿਟਾ ਕੇ ਆਪਸ ਵਿੱਚ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਹੈ।