- 10 ਕਿਲੋਵਾਟ ਸਮਰੱਥਾ ਵਾਲਾ ਪਲਾਂਟ ਲਾਉਣ ਦੀ ਡਿਪਟੀ ਕਮਿਸ਼ਨਰ ਨੇ ਕੀਤੀ ਸ਼ੁਰੂਆਤ
ਬਰਨਾਲਾ, 31 ਜੁਲਾਈ : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈਏਐਸ ਵੱਲੋਂ ਅੱਜ ਸਰਕਾਰੀ ਗਊਸ਼ਾਲਾ ਮਨਾਲ ਵਿਖੇ 48 ਲੱਖ ਦੀ ਲਾਗਤ ਨਾਲ ਪਾਵਰ ਜਨਰੇਸ਼ਨ ਬਾਇਓਗੈਸ ਪਲਾਂਟ ਲਾਉਣ ਦੀ ਟੱਕ ਲਾ ਕੇ ਸ਼ੁਰੂੁਆਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਇਸ ਗਊਸ਼ਾਲਾ ਵਿੱਚ 10 ਕਿਲੋਵਾਟ ਸਮਰੱਥਾ ਵਾਲਾ ਪਾਵਰ ਜਨਰੇਸ਼ਨ ਪਲਾਂਟ ਪੇਡਾ (ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ) ਰਾਹੀਂ ਲਾਇਆ ਜਾ ਰਿਹਾ ਹੈੇ। ਉਨ੍ਹਾਂ ਦੱਸਿਆ ਕਿ ਤਕਰੀਬਨ 48 ਲੱਖ ਦੀ ਲਾਗਤ ਵਾਲਾ ਇਹ ਬਾਇਓਗੈਸ ਪਲਾਂਟ ਲਗਭਗ ਦੋ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ, ਜਿਸ ਨਾਲ ਗਊਸ਼ਾਲਾ ਦੇ ਪੱਖਿਆਂ ਅਤੇ ਹੋਰ ਬਿਜਲੀ ਉਪਕਰਨਾਂ ਦੀ 10 ਕਿਲੋਵਾਟ ਦੀ ਮੰਗ ਪੂਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਊਸ਼ਾਲਾ ਵਿੱਚ ਹੋਰ ਵੀ ਕਰੋੜਾਂ ਰੁਪਏ ਦੇ ਕੰਮ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਸ਼ੈੱਡ, ਇੰਟਰਲਾਕਿੰਗ, ਪਾਣੀ ਦੀਆਂ ਖੇਲਾਂ ਆਦਿ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰੰਘ ਧਾਲੀਵਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਲਖਬੀਰ ਸਿੰਘ, ਜ਼ਿਲ੍ਹਾ ਮੈਨੇਜਰ ਪੇਡਾ ਗੁਰਮੀਤ ਸਿੰਘ ਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।