ਪਟਿਆਲਾ, 15 ਸਤੰਬਰ : ਇੱਕ ਪੁਲਿਸ ਮੁਲਾਜ਼ਮ ਵੱਲੋਂ ਬਜ਼ੁਰਗ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਮੁਲਾਜ਼ਮ ਵੱਲੋਂ ਬਜ਼ੁਰਗ ਨਾਲ ਕੀਤੀ ਜਾ ਰਹੀ ਕੁੱਟ ਦੀ ਨਿੰਦਾ ਕੀਤੀ ਗਈ, ਉੱਥੇ ਪਟਿਆਲਾ ਦੇ ਐਸਐਸਪੀ ਨੇ ਫੌਰੀ ਕਾਰਵਾਈ ਕਰਦਿਆਂ ਉਕਤ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦੇਣ ਦੀ ਖਬਰ ਹੈ। ਇਸ ਸਬੰਧੀ ਐਸਐਸਪੀ ਵਰੁਣ ਸ਼ਰਮਾਂ ਨੇ ਦੱਸਿਆ ਕਿ ਜੋ ਇੱਕ ਬਜ਼ੁਰਗ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਉਹ ਦਾਣਾ ਮੰਡੀ ਪਟਿਆਲਾ ਦੀ ਸੀ, ਜਿਸ ਵਿੱਚ ਜੋ ਏਐਸਆਈ ਬਜ਼ੁਰਗ ਦੀ ਬੇਰਿਹਮੀ ਨਾਲ ਕੁੱਟਮਾਰ ਕਰ ਰਿਹਾ ਸੀ ਉਸਨੂੰ ਲਾਇਨ ਹਾਜ਼ਰ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਸਦੀ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ। ਬਜ਼ੁਰਗ ਦੀ ਪਹਿਚਾਣ ਬਲਵੀਰ ਸਿੰਘ ਵਾਸੀ ਪਿੰਡ ਰਾਜਗੜ੍ਹ ਵਜੋਂ ਹੋਈ ਹੈ। ਬਜ਼ੁਰਗ ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਤੇ ਦੋਸ਼ ਲਗਾਇਆ ਕਿ ਉਹ ਉਸਤੋਂ ਸ਼ਰਾਬ ਲਈ ਪੈਸੇ ਮੰਗ ਰਿਹਾ ਸੀ, ਜਦੋਂ ਉਸਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਉਸ ਦੀ ਕੁੱਟਮਾਰ ਕਰਨ ਲੱਗਾ।
ਬਜ਼ੁਰਗ ਨਾਲ ਕੁੱਟਮਾਰ ਕਰਨ ਦੀ ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ ਨਿੰਦਾ
ਬਜ਼ੁਰਗ ਨਾਲ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੇਅਰ ਕਰਕੇ ਉਕਤ ਪੁਲਿਸ ਮੁਲਾਜ਼ਮ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਉਕਤ ਪੁਲਿਸ ਮੁਲਾਜ਼ਮ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ।