ਜਗਰਾਉਂ, 1 ਅਪ੍ਰੈਲ : ਗੁਰੂ ਨਾਨਕ ਪਬਲਿਕ ਸਕੂਲ ਪਿੰਡ ਚੱਕਰ ਵਿਖੇ ਹੋਈ ਚੋਰੀ ਦੀ ਗੁੱਥੀ ਨੂੰ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਸਕੂਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਪਾਸੋਂ ਸਾਢੇ 14 ਲੱਖ ਰੁਪਏ ਦੇ ਕਰੀਬ ਦੀ ਨਗਦੀ ਅਤੇ 10 ਤੋਲੇ ਦੀ ਕਰੀਬ ਸੋਨਾ ਵੀ ਬਰਾਮਦ ਕੀਤਾ ਗਿਆ ਹੈ ਜੋ ਕਿ ਇਹਨਾਂ ਦੋਸ਼ੀਆਂ ਵੱਲੋਂ ਸਕੂਲ ਵਿੱਚੋਂ ਹੀ ਚੋਰੀ ਕੀਤਾ ਗਿਆ ਸੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੁਲਿਸ ਲਾਈਨ ਜਗਰਾਉਂ ਵਿਖੇ ਰੱਖੀ ਪ੍ਰੈਸ ਵਾਰਤਾ ਦੌਰਾਨ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕੀਤਾ। ਪ੍ਰੈਸ ਵਾਰਤਾ ਦੌਰਾਨ ਹੋਰ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਬੈਂਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਦੋਸ਼ੀ ਪਿੰਡ ਚੱਕਰ ਦੇ ਹੀ ਰਹਿਣ ਵਾਲੇ ਹਨ ਅਤੇ ਇਹਨਾਂ ਦੋਹਾਂ ਦੋਸ਼ੀਆਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਜੀਵਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੱਕਰ ਅਤੇ ਇੰਦਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਚੱਕਰ ਵੱਜੋਂ ਹੋਈ ਹੈ। ਐਸਐਸਪੀ ਬੈਂਸ ਨੇ ਦੱਸਿਆ ਕਿ ਬੀਤੀ 26 ਮਾਰਚ ਨੂੰ ਥਾਣਾ ਹਠੂਰ ਪੁਲਿਸ ਨੂੰ ਪਿੰਡ ਚੱਕਰ ਵਿਖੇ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਚੋਰੀ ਹੋਣ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਅਤੇ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਕਰ ਤਫਤੀਸ਼ ਸ਼ੁਰੂ ਕੀਤੀ। ਉਹਨਾਂ ਨੇ ਦੱਸਿਆ ਕਿ ਪੁਲਿਸ ਕਪਤਾਨ (ਆਈ) ਲੁਧਿਆਣਾ ਦਿਹਾਤੀ ਪੀ.ਪੀ.ਐਸ ਪਰਮਿੰਦਰ ਸਿੰਘ , ਉਪ ਕਪਤਾਨ ਪੁਲਿਸ (ਡੀ) ਲੁਧਿਆਣਾ ਦਿਹਾਤੀ ਪੀ.ਪੀ.ਐਸ ਸੰਦੀਪ ਕੁਮਾਰ, ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਰਾਏਕੋਟ ਪੀ.ਪੀ.ਐਸ ਰਸ਼ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਕਿਕਰ ਸਿੰਘ ਅਤੇ ਮੁੱਖ ਅਫਸਰ ਥਾਣਾ ਹਠੂਰ ਐਸ.ਆਈ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਤਫਤੀਸ਼ ਦੌਰਾਨ ਏਐਸਆਈ ਸੁਲੱਖਣ ਸਿੰਘ ਥਾਣਾ ਹਠੂਰ ਦੀ ਪੁਲਿਸ ਟੀਮ ਨੇ 30 ਮਾਰਚ ਨੂੰ ਜੀਵਨ ਸਿੰਘ ਨੂੰ ਕਾਬੂ ਕੀਤਾ ਤੇ ਅਗਲੇ ਦਿਨ 31 ਮਾਰਚ ਨੂੰ ਉਸ ਦੇ ਦੂਸਰੇ ਸਾਥੀ ਇੰਦਰਜੀਤ ਸਿੰਘ ਨੂੰ ਕਾਬੂ ਕਰ ਜਦੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਇਹਨਾਂ ਦੋਹਾਂ ਦੋਸ਼ੀਆਂ ਨੇ ਆਪਣਾ ਜ਼ੁਲਮ ਕਬੂਲਿਆ ਅਤੇ ਪੁਲਿਸ ਜੀਵਨ ਸਿੰਘ ਪਾਸੋਂ 10 ਲੱਖ ਰੁਪਏ ਅਤੇ ਇੰਦਰਜੀਤ ਸਿੰਘ ਪਾਸੋਂ 4 ਲੱਖ 47 ਹਜ਼ਾਰ 550 ਰੁਪਏ ਦੀ ਨਗਦੀ ਅਤੇ 10 ਤੋਲੇ ਦੇ ਕਰੀਬ ਸੋਨਾ ਬਰਾਮਦ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਦੋਹਾਂ ਦੋਸ਼ੀਆਂ ਖਿਲਾਫ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਬੈਂਸ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਜੀਵਨ ਸਿੰਘ ਉੱਪਰ ਪਹਿਲਾਂ ਚਾਰ ਮੁਕਦਮੇ ਦਰਜ ਹਨ ਜਦ ਕਿ ਦੂਸਰੇ ਦੋਸ਼ੀ ਇੰਦਰਜੀਤ ਸਿੰਘ ਉੱਪਰ ਪਹਿਲਾਂ ਇੱਕ ਮੁਕਦਮਾ ਦਰਜ ਹੈ।