ਮੋਰਿੰਡਾ, 31 ਮਾਰਚ : ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੁਲਿਸ ਵਲੋਂ ਮੋਰਿੰਡਾ ਵਿਖੇ ਏਅਰਟੈਲ ਦੇ ਕਰਮਚਾਰੀ ਪਾਸੋਂ 1 ਲੱਖ 44 ਹਜ਼ਾਰ ਰੁਪਏ ਦੇ ਕਰੀਬ ਲੁੱਟ ਖੋਹ ਕਰਨ ਵਾਲੇ 04 ਮੈਂਬਰੀ ਗਿਰੋਹ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਜਾਂਚ) ਰੂਪਨਗਰ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਚੱਕਲਾਂ ਥਾਣਾ ਸਦਰ ਮੋਰਿੰਡਾ ਜੋ ਏਅਰਟੈਲ ਦਫਤਰ ਵਿੱਚ ਕੰਮ ਕਰਦਾ ਹੈ ਤੇ ਦੁਕਾਨਾਂ ਤੇ ਜਾ ਕੇ ਪੈਸੇ ਇੱਕਠੇ ਕਰਦਾ ਹੈ, ਜੋ ਮਿਤੀ 28 ਮਾਰਚ 2024 ਨੂੰ ਸੰਦੀਪ ਸਿੰਘ ਪਾਸ ਕੰਪਨੀ ਦੇ ਕੁੱਲ 1,44,000/- ਰੁਪਏ ਸਨ, ਜਿਨ੍ਹਾਂ ਨੂੰ ਐਕਸਿਸ ਬੈਂਕ ਦੇ ਏ.ਟੀ.ਐੱਮ ਵਿੱਚ ਜਮ੍ਹਾਂ ਕਰਾਉਣ ਗਿਆ ਸੀ, ਜਦੋਂ ਏ.ਟੀ.ਐੱਮ ਪਾਸ ਪੁੱਜਾ ਤਾਂ ਨਾ-ਮਾਲੂਮ ਵਿਅਕਤੀਆਂ ਵੱਲੋਂ ਉਸ ਦੇ ਹੱਥ ਤੇ ਦਾਤ ਦਾ ਵਾਰ ਕਰਕੇ ਉਸ ਪਾਸੋਂ ਪੈਸਿਆਂ ਵਾਲਾ ਬੈਗ ਜਿਸ ਵਿੱਚ 1,44,000/- ਰੁਪਏ ਖੋਹ ਕੇ ਲੈ ਗਏ। ਇਸ ਸਬੰਧੀ ਮੁ.ਨੰ. 32 ਮਿਤੀ 29.03.2024 ਅ/ਧ 392,397 ਹਿੰ.ਦੰ. ਥਾਣਾ ਸਿਟੀ ਮੋਰਿੰਡਾ ਦਰਜ ਰਜਿਸਟਰ ਕੀਤਾ ਗਿਆ। ਜਿਸ ਨੂੰ ਕਪਤਾਨ ਪੁਲਿਸ (ਜਾਂਚ) ਦੀ ਅਗਵਾਈ ਹੇਠ ਉਪ- ਕਪਤਾਨ ਪੁਲਿਸ ਸਬ-ਡਵੀਜ਼ਨ ਮੋਰਿੰਡਾ ਸ੍ਰੀ ਗੁਰਦੀਪ ਸਿੰਘ ਪੀ.ਪੀ.ਐਸ., ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਇੰਸ. ਸੁਨੀਲ ਕੁਮਾਰ ਅਤੇ ਇੰਚਾਰਜ ਸੀ.ਆਈ.ਏ ਰੂਪਨਗਰ ਇੰਸ. ਮਨਫੂਲ ਸਿੰਘ ਦੀ ਸਪੈਸ਼ਲ ਟੀਮ ਗਠਿਤ ਕੀਤੀ ਗਈ। ਜਿਨ੍ਹਾ ਵਲੋਂ ਫੋਰੀ ਕਾਰਵਾਈ ਕਰਦੇ ਹੋਏ ਮਿਤੀ 29.03.2024 ਨੂੰ ਦੋਸ਼ੀ ਜਸਕਰਨ ਸਿੰਘ ਉਰਫ ਮੰਤਰੀ ਵਾਸੀ ਡੂੰਮਛੇੜੀ ਥਾਣਾ ਸਦਰ ਮੋਰਿੰਡਾ, ਦੋਸ਼ੀ ਵਰਿੰਦਰ ਸਿੰਘ ਉਰਫ ਗੋਲਾ ਵਾਸੀ ਭਟੇੜੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮਿਤੀ 30.03.2024 ਨੂੰ ਦੋਸ਼ੀ ਮਨਿੰਦਰ ਸਿੰਘ ਉਰਫ ਦੇਬੀ ਵਾਸੀ ਪਿੰਡ ਘੜੂੰਆ, ਜਗਦੀਪ ਸਿੰਘ ਉਰਫ ਦੀਪੂ ਵਾਸੀ ਪਿੰਡ ਘੜੂੰਆ ਜਿਲ੍ਹਾ ਐਸ.ਏ.ਐਸ. ਨਗਰ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੋਸ਼ੀ ਮਨਿੰਦਰ ਸਿੰਘ ਉਰਫ ਦੇਬੀ ਦਾ ਅਪਰਾਧਿਕ ਪਿਛੋਕੜ ਵੀ ਹੈ ਜਿਸ ਉਤੇ ਮੁ.ਨੰ 152/23 ਅ/ਧ 323,324,458,506,148,149 ਹਿੰ.ਦ ਥਾਣਾ ਸਦਰ ਖਰੜ (ਬੇਲ ਜੰਪਰ) ਹੈ। ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਜਸਕਰਨ ਸਿੰਘ ਹੈ ਜੋ ਕਿ ਮੁਦੇਈ ਮੁਕਦਮਾ ਸੰਦੀਪ ਸਿੰਘ ਦੇ ਨਾਲ ਹੀ ਏਅਰਟੈਲ ਮਨੀ ਬੈਂਕ ਦੀ ਦੁਕਾਨ ਉੱਤੇ ਕਰੀਬ ਪਿਛਲੇ 04 ਮਹੀਨੇ ਤੋਂ ਕੰਮ ਕਰਦਾ ਹੈ। ਜਿਸ ਨੂੰ ਇਸ ਕੈਸ਼ ਸਬੰਧੀ ਪੂਰੀ ਜਾਣਕਾਰੀ ਸੀ, ਜਿਸਨੇ ਅਪਣੇ ਇਨ੍ਹਾਂ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜੋ ਇਨ੍ਹਾਂ ਦੇਸ਼ੀਆਂ ਪਾਸੋਂ ਲੁੱਟੀ ਹੋਈ ਰਕਮ ਵਿੱਚੋਂ 01 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਅਤੇ ਵਕੂਆ ਵਿੱਚ ਵਰਤਿਆ ਗਿਆ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ ਅਤੇ ਜੋ ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।