- ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮੁੱਖ ਮੰਤਰੀ ਪੰਜਾਬ ਦੇ ਵਰਚੁਅਲ ਸਮਾਗਮ ਨਾਲ ਜੁੜੀ
- ਲਾਭਪਾਤਰੀਆਂ ਨੇ ਕੀਤਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ
ਫਾਜ਼ਿਲਕਾ 2 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ 101 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਸੂਬੇ ਦੇ 25 ਹਜ਼ਾਰ ਸਹਿਰੀ ਗਰੀਬ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਭੇਜੀ ਗਈ। ਇਸ ਮੌਕੇ ਕੈਬਨਿਟ ਮੰਤਰੀ ਸ. ਬਲਕਾਰ ਸਿੰਘ ਸਮੇਤ ਕਈ ਉੱਘੀਆਂ ਸਖਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇਸ ਆਨਲਾਈਨ ਵਰਚੁਅਲ ਸਮਾਗਮ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਵੀ ਜੁੜੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਅਤੇ ਸਹਾਇਕ ਕਮਿਸ਼ਨਰ ਸ. ਸਾਰੰਗਪ੍ਰੀਤ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਮੀਟਿੰਗ ਹਾਲ ਵਿੱਚ ਹਾਜ਼ਰ ਹੋਏ ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਸਰਕਾਰ ਵੱਲੋਂ ਭੇਜੇ ਗਏ ਪੈਸੇ ਲਾਭਪਾਤਰੀਆਂ ਦੇ ਖਾਤੇ ਵਿੱਚ ਟਰਾਂਸਫਰ ਵੀ ਕੀਤੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਜ਼ਿਲਾ ਫਾਜ਼ਿਲਕਾ ਦੇ 333 ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਦੇ ਪੈਂਡਿੰਗ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਸ ਸਕੀਮ ਤਹਿਤ ਫਾਜ਼ਿਲਕਾ ਦੇ 205 ਲੋਕਾਂ ਨੂੰ ਲਗਭਗ 74 ਲੱਖ, ਅਬੋਹਰ ਦੇ 14 ਲੋਕਾਂ ਨੂੰ ਲਗਭਗ 8 ਲੱਖ, ਜਲਾਲਾਬਾਦ ਦੇ 51 ਲੋਕਾਂ ਨੂੰ ਲਗਭਗ ਸਾਢੇ 12 ਲੱਖ ਅਤੇ ਬਲਾਕ ਅਰਨੀਵਾਲਾ ਦੇ 63 ਲੋਕਾਂ ਨੂੰ ਲਗਭਗ 26 ਲੱਖ ਰੁਪਏ ਦੀ ਰਾਸ਼ੀ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਆਨਲਾਈਨ ਭੇਜੀ ਗਈ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਜ਼ਿਲ੍ਹੇ ਦੇ ਇਹ ਸ਼ਹਿਰੀ ਗਰੀਬ ਪਰਿਵਾਰ ਇਨ੍ਹਾਂ ਪੈਸਿਆਂ ਦੀ ਮਦਦ ਨਾਲ ਆਪਣੇ ਲਈ ਪੱਕੇ ਮਕਾਨ ਉਸਾਰ ਸਕਣਗੇ। ਇਸ ਦੌਰਾਨ ਗੁਲਾਬ ਰਾਣੀ, ਮਨਜੀਤ ਕੌਰ ਅਤੇ ਸੋਨਾ ਰਾਣੀ ਨੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸਹਾਇਤਾ ਰਾਸ਼ੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਰਾਸ਼ੀ ਨਾਲ ਉਹ ਆਪਣੇ ਸਿਰ ਤੇ ਪੱਕੀ ਛੱਤ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਉਹ ਤਹਿ ਦਿਲ ਤੋਂ ਸਰਕਾਰ ਦੇ ਆਭਾਰੀ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਇਹ ਜ਼ਰੂਤ ਪੂਰੀ ਕੀਤੀ ਹੈ। ਇਸ ਮੌਕੇ ਸੁਧੀਰ ਕੁਮਾਰ ਲੇਖਾਕਾਰ, ਇੰਜੀਨੀਅਰ ਹੁਕਮ ਸਿੰਘ ਤੇ ਹਰਗੋਬਿੰਦ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ।