- ਮੁੱਖ ਖੇਤੀਬਾੜੀ ਅਫ਼ਸਰ ਨੇ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਦੱਸੇ ਨੁਕਤੇ
ਬਰਨਾਲਾ, 24 ਅਕਤੂਬਰ 2024 : ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਦੀ ਬਿਜਾਈ ਕਰਨ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਾ ਦਿੰਦੇ ਹਨ। ਅੱਗ ਲਾਉਣ ਨਾਲ ਖੇਤੀ ਲਈ ਚੰਗੇ ਖੁਰਾਕੀ ਤੱਤ ਸੜ ਜਾਂਦੇ ਹਨ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਇੱਕ ਅਨੁਮਾਨ ਮੁਤਾਬਿਕ ਧਰਤੀ ਵਿੱਚੋਂ ਝੋਨੇ ਦੁਆਰਾ ਲਈ ਗਈ 25 ਪ੍ਰਤੀਸ਼ਤ ਨਾਈਟ੍ਰੋਜਨ ਅਤੇ ਫਾਸਫੋਰਸ, 50 ਪ੍ਰਤੀਸ਼ਤ ਗੰਧਕ ਅਤੇ 75 ਪ੍ਰਤੀਸ਼ਤ ਪੋਟਾਸ਼ ਪਰਾਲੀ ਵਿੱਚ ਹੀ ਰਹਿ ਜਾਂਦੀ ਹੈ। ਦੇਖਿਆ ਗਿਆ ਹੈ ਕਿ 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ ਤੋਂ ਇਲਾਵਾ 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ੀਅਮ ਅਤੇ 1.2 ਕਿਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਅਜਿਹੇ ਤੱਤ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਪੈਦਾ ਹੋਈਆਂ ਗੈਸਾਂ ਵਿੱਚ 70% ਕਾਰਬਨ ਡਾਈਆਕਸਾਈਡ, 7% ਕਾਰਬਨ ਮੋਨੋਆਕਸਾਈਡ, 0.66% ਮੀਥੇਨ ਅਤੇ 2.09% ਨਾਇਟ੍ਰਿਕ ਆਕਸਾਈਡ ਵਰਗੀਆਂ ਗੈਸਾਂ ਅਤੇ ਆਰਗੈਨਿਕ ਕੰਪਾਊਂਡਸ ਆਦਿ ਹਨ, ਇਹ ਗੈਸਾਂ ਵਾਤਾਵਰਣ ਦੇ ਬਦਲਾਅ ਦਾ ਕਰਨ ਬਣਦੀਆਂ ਹਨ। ਪਰਾਲੀ ਨੂੰ ਸਾੜਨ ਨਾਲ ਧੂੰਏ ਦਾ ਗੁਬਾਰ ਜਿੱਥੇ ਵਾਤਾਵਰਣ ਨੂੰ ਪਲੀਤ ਕਰਦਾ ਹੈ, ਉੱਥੇ ਵਸੋਂ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜੋ ਗਰਮੀ ਪੈਦਾ ਹੁੰਦੀ ਹੈ, ਉਸ ਨਾਲ ਮਿੱਟੀ ਵਿਚਲੇ ਲਾਭਦਾਇਕ ਸੂਖਮ ਜੀਵ ਜਿੱਥੇ ਨਸ਼ਟ ਹੋ ਜਾਂਦੇ ਹਨ ਉਥੇ ਹੀ ਭੂਮੀ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਸੜਕਾਂ ਅਤੇ ਖੇਤਾਂ ਦੁਆਲੇ ਲੱਗੇ ਰੁੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਸੜਕ ਹਾਦਸੇ ਵੀ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਖੁਰਾਕੀ ਤੱਤ ਮੌਜੂਦ ਹੁੰਦੇ ਹਨ। ਪਰਾਲੀ ਨੂੰ ਵੱਖ ਵੱਖ ਮਸ਼ੀਨਾਂ ਸੁਪਰ ਸੀਡਰ, ਹੈਪੀ ਸੀਡਰ, ਸਰਫੇਸ ਸੀਡਰ ਰਾਹੀਂ ਬਿਨਾਂ ਅੱਗ ਲਾਏ ਮਿੱਟੀ ਵਿੱਚ ਮਿਲਾ ਕੇ ਜਾਂ ਮਲਚਿੰਗ ਕਰਕੇ ਕਣਕ ਦੀ ਬਿਜਾਈ ਸੁਪਰ ਸੀਡਰ, ਸਮਾਰਟ ਸੀਡਰ ਜਾਂ ਹੈਪੀ ਸੀਡਰ ਰਾਹੀਂ ਕੀਤੀ ਜਾ ਸਕਦੀ ਹੈ। ਝੋਨੇ ਦੀ ਵਾਢੀ ਸਮੇਂ ਸੁਪਰ ਐਸਐਮਐਸ ਲੱਗੀ ਕੰਬਾਈਨ ਰਾਹੀਂ ਬਾਕੀ ਬਚਦਾ ਫੂਸ ਬਾਰੀਕ ਕਰਕੇ ਪੂਰੇ ਖੇਤ ਵਿੱਚ ਖਿਲਾਰ ਸਕਦੇ ਹਾਂ ਜਾਂ ਇਸ ਨੂੰ ਮਜ਼ਦੂਰਾਂ ਰਾਹੀਂ ਵਾਢੀ ਤੋਂ ਤੁਰੰਤ ਬਾਅਦ ਅਤੇ ਸੁੱਕਣ ਤੋਂ ਪਹਿਲਾਂ ਖੇਤ ਵਿੱਚ ਖਿਲਾਰ ਕੇ ਤੁਰੰਤ ਕਣਕਾਂ ਦੀ ਬਜਾਈ ਸੁਪਰ ਸੀਡਰ/ ਸਮਾਰਟ ਸੀਡਰ ਜਾਂ ਹੈਪੀ ਸੀਡਰ ਰਾਹੀਂ ਕੀਤੀ ਜਾ ਸਕਦੀ ਹੈ। ਇਸ ਵਿਧੀ ਰਾਹੀਂ ਕਣਕ ਦੀ ਬਿਜਾਈ ਕਰਨ ਲਈ ਖੇਤ ਵਿਚ ਵੱਤਰ ਸਹੀ ਹੋਣਾ ਚਾਹੀਦਾ ਹੈ। ਜੇਕਰ ਵਾਢੀ ਸਮੇਂ ਖੇਤ ਸੁੱਕਾ ਹੋਵੇ ਤਾਂ ਸਰਫੇਸ ਸੀਡਰ (ਮਲਚਿੰਗ ਵਿਧੀ) ਰਾਹੀਂ ਬਿਜਾਈ ਕਰਨ ਤੋਂ ਤੁਰੰਤ ਬਾਅਦ ਪਾਣੀ ਲਾ ਕੇ ਕਣਕ ਬਹੁਤ ਜਲਦੀ ਪੁੰਗਰ ਆਉਂਦੀ ਹੈ ਜਿਸ ਕਾਰਣ ਸਮੇਂ ਦੀ ਵੀ ਬੱਚਤ ਹੁੰਦੀ ਹੈ, ਖਰਚਾ ਵੀ ਘੱਟ ਆਉਂਦਾ ਹੈ ਅਤੇ ਕਣਕ ਦਾ ਝਾੜ ਵੀ ਪੂਰਾ ਮਿਲਦਾ ਹੈ। ਇਸ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ।