- ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਵੱਲੋਂ ਆਯੋਜਿਤ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਮਾਨਸਾ, 28 ਜੁਲਾਈ : ਬਰਸਾਤੀ ਮੌਸਮ ਦੌਰਾਨ ਡੇਂਗੂ ਮਲੇਰੀਆ ਰੋਕਥਾਮ ਅਤੇ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲੋਕ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਸਿਹਤ ਵਿਭਾਗ ਵੱਲੋ ਸ਼ੁੁਰੂ ਕੀਤੇ ਪ੍ਰੋਗਰਾਮ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਦੀ ਸ਼ੁਰੂਆਤ ਮੌਕੇ ਕੀਤਾ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਵੱਲੋਂ ਆਯੋਜਿਤ ਜਾਗਰੂਕਤਾ ਰੈਲੀ ਅਤੇ ਮੁਨਿਆਦੀ ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਇਸ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਿਹਤ ਟੀਮਾਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰਕੇ ਨਸ਼ਟ ਕਰਨ। ਉਨ੍ਹਾਂ ਇਸ ਮੌਕੇ ਵਿਸ਼ਵ ਹੈਪੇਟਾਈਟਸ ਸਬੰਧੀ ਜਾਗਰੂਕਤਾ ਬੈਨਰ ਵੀ ਜਾਰੀ ਕੀਤਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਜੱਸਕੰਵਲ ਕੌਰ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਕੂਲਰ, ਫਰਿੱਜ, ਪਾਣੀ ਵਾਲੀਆਂ ਟੈਂਕੀਆਂ ਦੀ ਹਫ਼ਤੇ ਵਿਚ ਇਕ ਵਾਰ ਸਫਾਈ ਜ਼ਰੂਰੀ ਹੈ। ਛੱਤਾਂ ’ਤੇ ਪਏ ਟਾਇਰ ਜਾਂ ਹੋਰ ਸਾਮਾਨ ਵਿਚ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ, ਇਸ ਪਾਣੀ ਵਿਚ ਮੱਛਰ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਵਿਸ਼ਵ ਹੈਪੇਟਾਈਟਸ ਸਬੰਧੀ ਜਾਗਰੂਕ ਕਰਨ ਲਈ ਕੈਂਪ ਵੀ ਲਗਾਏ ਜਾ ਰਹੇ ਹਨ। ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਨੇ ਕਿਹਾ ਕਿ ਬੁਖਾਰ ਦੀ ਸਥਿਤੀ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਲਈ ਮੁਫਤ ਟੈਸਟ ਕਰਵਾ ਕੇ ਸਮੇਂ ਸਿਰ ਇਲਾਜ਼ ਕਰਵਾਉਣਾ ਚਾਹੀਦਾ ਹੈ। ਬੱਚਿਆਂ ਨੂੰ ਦਿਨ ਵੇਲੇ ਵੀ ਮੱਛਰਦਾਨੀ ਦੇ ਹੇਠਾਂ ਸੌਣਾ ਚਾਹੀਦਾ ਹੈ । ਆਪਣੇ ਘਰ ਜਾਂ ਕੰਮ ਵਾਲੀ ਥਾਂ ਦੇ ਨੇੜੇ ਕਿਤੇ ਵੀ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ। ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫ਼ਸਰ ਨੇ ਦੱਸਿਆ ਕਿ ਸ਼ਹਿਰ ਮਾਨਸਾ ਵਿਖੇ ਦੋ ਟੀਮਾਂ ਕੰਮ ਕਰ ਰਹੀਆਂ ਹਨ ਜਿੰਨ੍ਹਾਂ ਵਿੱਚ ਇੱਕ ਬਹੁਮੰਤਵੀ ਸਿਹਤ ਕਰਮਚਾਰੀ, ਇੰਸਕਟ ਕੁਲੈਕਟਰ ਅਤੇ 2 ਬਰਿਡਿੰਗ ਚੈਕਰ ਹਨ ਜੋ ਘਰਾਂ ਵਿੱਚ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਤਰੁੰਤ ਲਾਰਵੇ ਨੂੰ ਨਸ਼ਟ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਦ ਹੀ ਡੇਂਗੂ ਅਤੇ ਮਲੇਰੀਏ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਸ੍ਰੀ ਸੰਤੋਸ਼ ਭਾਰਤੀ ਐਪੀਡੀਮੋਲੋਜਿਸਟ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਦਰਸ਼ਨ ਸਿੰਘ ਧਾਲੀਵਾਲ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਸ੍ਰੀ ਰਾਮ ਕੁਮਾਰ ਸਿਹਤ ਸੁਪਰਵਾਈਜ਼ਰ, ਪ੍ਰਧਾਨ ਅਪੈਕਸ ਕਲੱਬ ਸ੍ਰੀ ਸੰਜੀਵ ਪਿੰਕਾ, ਗੁਰਿੰਦਰਜੀਤ ਸਿਹਤ ਕਰਮਚਾਰੀ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।